ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੁਲਾਈ
ਥਾਣਾ ਡੀ ਡਵੀਜ਼ਨ ਦੀ ਪੁਲੀਸ ਨੇ ਜਾਅਲੀ ਪੁਲੀਸ ਕਰਮਚਾਰੀ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਨੇ ਇਕ ਮੋਬਾਇਲ ਫੋਨ ਦੀ ਦੁਕਾਨ ਵਾਲੇ ਕੋਲੋਂ 90 ਹਜ਼ਾਰ ਰੁਪਏ ਲੁੱਟੇ ਹਨ। ਇਨ੍ਹਾਂ ਦੀ ਸ਼ਨਾਖਤ ਪ੍ਰਿਥਵੀ ਅਤੇ ਯੁਵਰਾਜ ਵਜੋਂ ਹੋਈ ਹੈ। ਇਹ ਦੋਵੇਂ ਭਰਾੜੀਵਾਲ ਇਲਾਕੇ ਦੇ ਵਾਸੀ ਹਨ। ਇਨ੍ਹਾਂ ਨੂੰ ਪੁਲੀਸ ਨੇ ਅਦਾਲਤ ਵਿਚ ਪੇਸ਼ ਕੀਤਾ ਅਤੇ ਪੁੱਛਗਿੱਛ ਵਾਸਤੇ ਰਿਮਾਂਡ ਹਾਸਲ ਕੀਤਾ ਹੈ। ਇਸ ਦੌਰਾਨ ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420 ਅਤੇ 384 ਹੇਠ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਡੀ ਡਵੀਜ਼ਨ ਦੇ ਐੱਸਐੱਚਓ ਰੌਬਿਨ ਹੰਸ ਨੇ ਦੱਸਿਆ ਕਿ ਪੁਲੀਸ ਨੂੰ ਇਸ ਸਬੰਧ ਵਿਚ ਅੰਕਿਤ ਨਾਂ ਦੇ ਦੁਕਾਨਦਾਰ ਨੇ ਸ਼ਿਕਾਇਤ ਕੀਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਦੋ ਵਿਅਕਤੀਆਂ ਨੇ ਪੁਲੀਸ ਕਰਮਚਾਰੀ ਬਣ ਕੇ ਉਸ ਕੋਲੋਂ ਨੱਬੇ ਹਜ਼ਾਰ ਰੁਪਏ ਠੱਗੇ ਹਨ। ਉਸ ਨੂੰ ਇਹ ਕਹਿ ਕੇ ਡਰਾਇਆ ਧਮਕਾਇਆ ਗਿਆ ਸੀ ਕਿ ਉਹ ਚੋਰੀ ਕੀਤੇ ਮੋਬਾਈਲ ਫੋਨ ਵੇਚਦਾ ਹੈ ਅਤੇ ਉਸ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਜਾਵੇਗਾ। ਉਹ ਇਸ ਧਮਕੀ ਤੋਂ ਡਰ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਕੁਝ ਰਕਮ ਵੀ ਦਿੱਤੀ ਪਰ ਉਨ੍ਹਾਂ ਨੇ ਪੰਜਾਹ ਹਜ਼ਾਰ ਰੁਪਏ ਹੋਰ ਦੇਣ ਦੀ ਮੰਗ ਕੀਤੀ, ਜਿਸ ਤੋਂ ਉਸ ਨੂੰ ਸ਼ੱਕ ਹੋਇਆ ਅਤੇ ਉਹ ਪੁਲੀਸ ਕੋਲ ਪੁੱਜਿਆ ਜਿਸ ’ਤੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਘਰ ਵਿੱਚੋਂ 92 ਹਜ਼ਾਰ ਰੁਪਏ ਚੋਰੀ
ਧਾਰੀਵਾਲ (ਪੱਤਰ ਪ੍ਰੇਰਕ): ਇਥੇ ਸ਼ਹਿਰ ਦੇ ਡੱਡਵਾਂ ਰੋਡ ਤੇ ਲੰਘੀ ਕੱਲ੍ਹ ਰਾਤ ਚੋਰਾਂ ਨੇ ਇਕ ਘਰ ’ਚ ਦਾਖਲ ਹੋ ਕੇ 92 ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਸਬੰਧੀ ਅਸ਼ੋਕ ਕੁਮਾਰ ਖੰਨਾ ਪੁੱਤਰ ਮਿੱਤਰਪਾਲ ਖੰਨਾ ਵਾਸੀ ਡੱਡਵਾਂ ਰੋਡ ਧਾਰੀਵਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਲੰਘੀ ਕੱਲ੍ਹ ਦੇਰ ਰਾਤ ਨੂੰ ਖਾਣਾ ਖਾ ਕੇ ਵਿਹੜੇ ਵਿੱਚ ਕੂਲਰ ਲਗਾ ਕੇ ਸੌਂ ਗਏ ਸਨ। ਸਵੇਰੇ ਲਗਪਗ 6:30 ਵਜੇ ਜਦੋਂ ਉਹ ਉੱਠ ਕੇ ਅੰਦਰ ਗਏ ਤਾਂ ਦੇਖਿਆ ਕਿ ਕਮਰੇ ਅੰਦਰ ਸਾਮਾਨ ਖਿਲਰਿਆ ਪਿਆ ਸੀ ਅਤੇ ਕਮਰੇ ਅੰਦਰ ਪਈ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਪਏ ਇਕ ਪਰਸ ਵਿੱਚੋਂ 5 ਹਜ਼ਾਰ ਰੁਪਏ ਅਤੇ ਅਲਮਾਰੀ ਅੰਦਰ ਲਾਕਰ ’ਚ ਰੱਖੇ 87 ਹਜ਼ਾਰ ਰੁਪਏ ਨਗਦੀ ਗਾਇਬ ਸੀ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।