ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਜੂਨ
ਰੂਰਲ ਫਾਰਮਾਸਿਸਟਾਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਤਹਿਤ ਅੱਜ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਸਾੜ ਕੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਰੂਰਲ ਫਾਰਮਾਸਿਸਟ ਅਫ਼ਸਰ ਐਸੋਸੀਏਸ਼ਨ ਦੇ ਝੰਡੇ ਹੇਠ ਰੂਰਲ ਫਾਰਮਾਸਿਸਟਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਰੋਸ ਧਰਨਾ ਦਿੱਤਾ ਗਿਆ। ਰੋਸ ਵਿਖਾਵਾ ਕਰਦਿਆਂ ਫਾਰਮਾਸਿਸਟਾਂ ਨੇ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਅਗਨ ਭੇਟ ਕੀਤੀਆਂ। ਇਸ ਦੌਰਾਨ ਮੈਡੀਕਲ ਸੇਵਾਵਾਂ ਦਾ ਬਾਈਕਾਟ ਕਰਦਿਆਂ ਸਰਕਾਰ ਅਤੇ ਪੰਚਾਇਤ ਮੰਤਰੀ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਜਥੇਬੰਦੀ ਦੇ ਆਗੂ ਕਮਲਜੀਤ ਸਿੰਘ ਚੌਹਾਨ ਅਤੇ ਨਵਜੋਤ ਕੌਰ ਨੇ ਆਖਿਆ ਕਿ 14 ਸਾਲਾਂ ਤੋਂ ਉਨ੍ਹਾਂ ਨੂੰ ਸਿਰਫ 10 ਹਜ਼ਾਰ ਰੁਪਏ ਨਿਗੂਣੀ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਹੁਣ ਤਕ ਪੱਕਾ ਨਹੀਂ ਕੀਤਾ ਗਿਆ ਹੈ। ਪੰਚਾਇਤ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਤਕ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਊਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਸੂਬੇ ਭਰ ਦੇ ਰੂਰਲ ਫਾਰਮਾਸਿਸਟਾਂ ਵੱਲੋਂ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।
ਗੁਰਦਾਸਪੁਰ (ਜਤਿੰਦਰ ਬੈਂਸ): ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਤਾਇਨਾਤ ਰੂਰਲ ਫਾਰਸਿਸਟਾਂ ਵੱਲੋਂ ਸੇਵਾਵਾਂ ਰੈਗੂਲਰ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ’ਚ ਡਿਗਰੀ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ। ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਅਤੇ ਹੋਰਨਾਂ ਨੇ ਰੋਸ ਜ਼ਾਹਿਰ ਕੀਤਾ ਕਿ ਲੱਖਾਂ ਰੁਪਏ ਖਰਚ ਕੇ ਹਾਸਲ ਕੀਤੀਆਂ ਮੈਡੀਕਲ ਡਿਗਰੀਆਂ ਨੂੰ ਪੰਜਾਬ ਸਰਕਾਰ ਨੇ ਰੋਲ ਕੇ ਰੱਖ ਦਿੱਤਾ ਹੈ।