ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਜਨਵਰੀ
ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਪੁਰਬ ਕਾਲਜ ਕੈਂਪਸ ਦੇ ਗੁਰਦੁਆਰੇ ’ਚ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਗੁਰਦੁਆਰੇ ਵਿੱਚ ਰਖਾਏ ਅਖੰਡ ਦੇ ਭੋਗ ਉਪਰੰਤ ਖਾਲਸਾ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਰਜਿੰਦਰ ਮੋਹਨ ਸਿੰਘ ਛੀਨਾ ਤੇ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਦਸਮ ਪਾਤਸ਼ਾਹ ਦੇ ਜੀਵਨ ਫ਼ਲਸਫ਼ੇ ਬਾਰੇ ਸੰਗਤ ਨੂੰ ਵਿਸਥਾਰਪੂਰਵਕ ਚਾਨਣਾ ਪਾਇਆ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਪੰਜਾਬ ਇਸਤਰੀ ਸਭਾ ਅਤੇ ਸੀਪੀਆਈ ਵੱਲੋਂ ਅਲਗੋਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਕ ਸਮਾਗਮ ਕੀਤਾ ਗਿਆ| ਇਸ ਮੌਕੇ ਪਾਰਟੀ ਆਗੂ ਨਰਿੰਦਰ ਸਿੰਘ ਅਲਗੋਂ ਵਲੋਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਰੋਸ਼ਨੀ ਪਾਈ|
ਹੁਸ਼ਿਆਰਪੁਰ (ਪੱਤਰ ਪੇ੍ਰਕ): ਇਥੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਿਆਂ ’ਚ ਧਾਰਮਿਕ ਸਮਾਗਮ ਹੋਏ। ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ। ਦੂਰੋਂ ਨੇੜਿਉਂ ਹਜ਼ਾਰਾਂ ਸੰਗਤਾਂ ਨੇ ਸਮਾਗਮ ’ਚ ਹਾਜ਼ਰੀ ਭਰੀ ਅਤੇ ਇਲਾਹੀ ਗੁਰਬਾਣੀ ਦਾ ਆਨੰਦ ਮਾਣਿਆ।
ਫਗਵਾੜਾ (ਜਸਬੀਰ ਸਿੰਘ ਚਾਨਾ): ਪ੍ਰਕਾਸ਼ ਦਿਹਾੜਾ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਉਤਸ਼ਾਹ ਮਨਾਇਆ ਗਿਆ। ਇਤਿਹਾਸਿਕ ਗੁਰਦੁਆਰਾ ਸ੍ਰੀ ਸੂਖਚੈਨਆਣਾ ਸਾਹਿਬ, ਗੁਰਦੁਆਰਾ ਅਰਬਨ ਅਸਟੇਟ ਤੇ ਗੁਰਦੁਆਰਾ ਜੱਟਾਂ ਵਿਖੇ ਧਾਰਮਿਕ ਦੀਵਾਨ ਸਜਾਏ ਗਏ।
ਸ਼ਾਹਕੋਟ (ਪੱਤਰ ਪੇ੍ਰਕ): ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਬੜੀ ਗੁਰਦੁਆਰਾ ਬਾਬਾ ਸੁਖਚੈਨ ਦਾਸ ਬਾਜਵਾ ਕਲਾਂ, ਗੁਰਦੁਆਰਾ ਕਲਗੀਧਰ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਅਤੇ ਕੋਟਲੀ ਗਾਜਰਾਂ ਤੋਂ ਇਲਾਵਾ ਇਲਾਕੇ ਦੇ ਕਈ ਹੋਰ ਪਿੰਡਾਂ ਵਿਚ ਉਤਸ਼ਾਹ ਨਾਲ ਮਨਾਇਆ ਗਿਆ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਇਥੇ ਆਸ ਪਾਸ ਦੇ ਇਲਾਕੇ ਦੇ ਗੁਰਦੁਆਰਿਆਂ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਧੂਮਧਾਮ ਨਾਲ ਮਨਾਇਆ ਗਿਆ। ਸੰਤ ਬਾਬਾ ਬਲਵੰਤ ਸਿੰਘ ਮੈਮੋਰੀਅਲ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਬਲਾਚੌਰ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਗਿਆ।
ਗੁਰਪੁਰਬ ਮੌਕੇ ਕਿਸਾਨੀ ਘੋਲ ਦੀ ਸਫ਼ਲਤਾ ਲਈ ਅਰਦਾਸ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਦਿੱਲੀ ਬਾਰਡਰ ’ਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਸਫ਼ਲਤਾ ਦੀ ਕਾਮਨਾ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਘੋਲ ਦੀ ਸਫ਼ਲਤਾ ਅਤੇ ਹਾਕਮਾਂ ਨੂੰ ਸੁਮੱਤ ਦੇਣ ਦੀ ਰੋਜ਼ਾਨਾ ਅਰਦਾਸ ਕਰਿਆ ਕਰਨ। ਗੁਰਦੁਆਰਾ ’ਚ ਕਿਸਾਨੀ ਸੰਘਰਸ਼ ਨਾਲ ਸਬੰਧਤ ਬੈਨਰ ਆਦਿ ਵੀ ਲੱਗੇ ਹੋਏ ਸਨ।