ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਈ
ਐਮਬੀਬੀਐਸ ਤੋਂ ਬਾਅਦ ਇੰਟਰਨਸ਼ਿਪ ਕਰ ਰਹੇ ਕੁਝ ਡਾਕਟਰ ਵਿਦਿਆਰਥੀਆਂ ਨੇ ਇੱਥੇ ਸਰਕਾਰੀ ਮੈਡੀਕਲ ਕਾਲਜ ਵਿੱਚ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਦੀ ਆਮਦ ਮੌਕੇ ਰੋਸ ਦਿਖਾਵਾ ਕੀਤਾ ਤੇ ਇੰਟਰਨਸ਼ਿਪ ਵਜੀਫ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਜਦੋਂ ਪ੍ਰਦਰਸ਼ਨਕਾਰੀ ਮੈਡੀਕਲ ਸਿੱਖਿਆ ਮੰਤਰੀ ਨੂੰ ਮਿਲੇ ਤਾਂ ਉਨ੍ਹਾਂ ਨੇ ਇੰਟਰਨਸ਼ਿਪ ਵਜੀਫ਼ਾ ਦੇਣ ਦਾ ਭਰੋਸਾ ਦਿੱਤਾ।
ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ, ਜੋ ਬੰਦ ਹੋ ਗਿਆ ਸੀ ਤੇ ਸਾਰੇ ਵਿਦਿਆਰਥੀਆਂ ਨੂੰ ਇੱਥੇ ਹੀ ਡਿਗਰੀ ਕਰਵਾਈ ਗਈ ਹੈ। ਅਪਰੈਲ ਵਿਚ ਉਨ੍ਹਾਂ ਦਾ ਨਤੀਜਾ ਆ ਗਿਆ ਸੀ, ਇਸ ਤੋਂ ਬਾਅਦ ਹੋਰਨਾਂ ਐਮਬੀਬੀਐਸ ਕਰ ਚੁੱਕੇ ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਵਾਂਗ ਕਰੋਨਾ ਡਿਊਟੀ ਲਾਈ ਗਈ ਪਰ ਉਨ੍ਹਾਂ ਨੂੰ ਇੰਟਰਨਸ਼ਿਪ ਵਜੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਦੂਜੇ ਕਾਲਜ ਦੇ ਵਿਦਿਆਰਥੀ ਹੋਣ ਕਾਰਨ ਉਨ੍ਹਾਂ ਨੂੰ ਵਜੀਫ਼ਾ ਨਹੀਂ ਦਿੱਤਾ ਜਾ ਸਕਦਾ। ਵਿਦਿਆਰਥੀਆਂ ਵੱਲੋਂ ’ਵਰਸਿਟੀ ਦੇ ਉਪਕੁਲਪਤੀ ਨੂੰ ਵੀ ਪੱਤਰ ਭੇਜਿਆ ਗਿਆ ਸੀ ਪਰ ਕੋਈ ਸੁਣਵਾਈ ਨਹੀ ਹੋਈ। ਅੱਜ ਵਿਦਿਆਰਥੀ ਇੱਥੇ ਮੈਡੀਕਲ ਸਿੱਖਿਆ ਮੰਤਰੀ ਨੂੰ ਮਿਲੇ ਅਤੇ ਉਨ੍ਹਾਂ ਨੇ ਵਜੀਫ਼ਾ ਦੇਣ ਦਾ ਭਰੋਸਾ ਦਿੱਤਾ ਹੈ।