ਪੱਤਰ ਪ੍ਰੇਰਕ
ਅੰਮ੍ਰਿਤਸਰ, 21 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਆਫ ਸਸਟੇਨੇਬਲ ਹੈਬੀਟੇਟ ਅਤੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਵੱਲੋਂ ਕਰਵਾਇਆ ਗਿਆ। ਪੈਦਲ ਯਾਤਰੀ ਅਤੇ ਉਨ੍ਹਾਂ ਦੇ ਅਧਿਕਾਰ ਵਿਸ਼ੇ ’ਤੇ ਕਰਵਾਏ ਗਏ ਇਸ ਸੈਮੀਨਾਰ ਵਿਚ ਪੰਜਾਬ ਪੁਲੀਸ ਅਤੇ ਸੇਫ ਸੁਸਾਇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐੱਸ ਨੇ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੋਡਲ ਅਫਸਰ (ਰੂਸਾ) ਪ੍ਰੋ. ਐੱਸ.ਐੱਸ. ਬਹਿਲ, ਮੁਖੀ ਆਰਕੀਟੈਕਚਰ ਵਿਭਾਗ, ਡਾ. ਅਸ਼ਵਨੀ ਲੂਥਰਾ, ਕੋਆਰਡੀਨੇਟਰ, ਸੈਂਟਰ ਆਫ ਸਸਟੇਨੇਬਲ ਹੈਬੀਟੇਟ, ਡਾ. ਕੁਲਦੀਪ ਸਿੰਘ, ਮੁਖੀ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ, ਸੋਨਮ ਗੁਪਤਾ, ਮਾਹਿਰ ਬੁਲਾਰੇ ਸੇਫ ਪੰਜਾਬ ਪ੍ਰੋਗਰਾਮ ਦੇ ਪ੍ਰੋਗਰਾਮ ਮੈਨੇਜਰ, ਅਰਬਾਬ ਅਹਿਮਦ ਹਾਜ਼ਰ ਸਨ। ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਅੰਤਰ ਵਿਭਾਗੀ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਤੋਂ ਡਾ. ਕਿਰਨ ਸੰਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਇਆ। ਡਾ.ਕੁਲਦੀਪ ਸਿੰਘ ਨੇ ਕਿਹਾ ਕਿ ਸਿਰਫ ਵਾਹਨਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਸ਼ਹਿਰਾਂ ਵਿਚ ਪੈਦਲ ਚੱਲਣ ਦੀਆਂ ਪਿਰਤਾਂ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ।