ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਮਈ
ਕਰੋਨਾ ਕਾਰਨ ਚੱਲ ਰਹੀ ਤਾਲਾਬੰਦੀ ਦੇ ਚੱਲਦਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਦਿੱਤੀ ਗਈ ਪ੍ਰਵਾਨਗੀ ਤੋ ਬਾਅਦ ਅੱਜ ਸ਼ਹਿਰ ਵਿੱਚ ਵੱਖ-ਵੱਖ ਬਾਜ਼ਾਰਾਂ ਵਿੱਚ ਲੋਕਾਂ ਦੀ ਭਾਰੀ ਭੀੜ ਲੱਗੀ ਰਹੀ ਹੈ ਅਤੇ ਇਸ ਦੌਰਾਨ ਕਰੋਨਾ ਨਿਯਮਾਂ ਦੀ ਵੀ ਅਣਦੇਖੀ ਹੋਈ ਹੈ। ਕਰੋਨਾ ਨਿਯਮਾਂ ਦੀ ਇਹ ਅਣਦੇਖੀ ਇਸ ਮਹਾਮਾਰੀ ਦੀ ਤੀਜੀ ਲਹਿਰ ਦਾ ਕਾਰਨ ਬਣ ਸਕਦੀ ਹੈ।
ਦੂਜੀ ਕਰੋਨਾ ਲਹਿਰ ਦੀ ਵਾਪਸੀ ਦੇ ਸ਼ੁਰੂ ਹੁੰਦਿਆ ਹੀ ਵਪਾਰੀਆਂ ਦੀ ਮੰਗ ਤੇ ਕੈਬਨਿਟ ਮੰਤਰੀ ਉਪੀ ਸੋਨੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਕੁੱਝ ਢਿੱਲ ਦੇਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਅੱਜ ਸਾਰੇ ਸ਼ਹਿਰ ਵਿੱਚ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ ਜਦੋਂ ਅੱਜ ਦੋ ਦਿਨਾਂ ਤਾਲਾਬੰਦੀ ਤੋ ਬਾਅਦ ਜਦੋ ਸ਼ਹਿਰ ਵਿੱਚ ਸਾਰੀਆਂ ਦੁਕਾਨਾਂ ਖੁੱਲ੍ਹੀਆ ਤਾਂ ਬਜ਼ਾਰਾਂ ਵਿੱਚ ਜਿਵੇ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ। ਵਪਾਰਕ ਕੇਂਦਰ ਹਾਲ ਬਾਜ਼ਾਰ, ਰਾਮਬਾਗ, ਸਬਜ਼ੀ ਮੰਡੀ, ਕਟੜਾ ਜੈਮਲ ਸਿੰਘ, ਟਾਹਲੀ ਵਾਲਾ ਬਾਜ਼ਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਤੰਗ ਰਸਤਿਆਂ ਵਾਲੇ ਬਜ਼ਾਰਾਂ ਵਿੱਚ ਭਾਰੀ ਭੀੜ ਲੱਗੀ ਰਹੀ । ਜਿਸ ਕਾਰਨ ਜਾਮ ਵੀ ਲੱਗੇ। ਭਾਵੇਂ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਖ਼ੁਦ ਵੀ ਮਾਸਕ ਪਾਉਣ ਅਤੇ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਕੀਤੀ ਗਈ ਸੀ ਪਰ ਅੱਜ ਇਨ੍ਹਾਂ ਨਿਯਮਾਂ ਦੀ ਵੱਡੀ ਉਲੰਘਣਾ ਹੋਈ ਹੈ।