ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਫਰਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰਫ ਮੁੱਖ ਮੰਤਰੀ ਬਣਨ ਲਈ ਜ਼ੋਰ ਲਾਉਂਦੇ ਰਹੇ ਹਨ ਅਤੇ ਉਨ੍ਹਾਂ ਕਦੇ ਵੀ ਇਕ ਚੰਗੇ ਵਿਧਾਇਕ ਬਣਨ ਲਈ ਯਤਨ ਨਹੀਂ ਕੀਤਾ ਹੈ, ਜਿਸ ਦਾ ਨਤੀਜਾ ਹੈ ਕਿ ਉਨ੍ਹਾਂ ਦਾ ਹਲਕਾ ਵਿਕਾਸ ਪੱਖੋਂ ਪਛੜਿਆ ਹੋਇਆ ਹੈ। ਸਿਸੋਦੀਆ ਅਤੇ ‘ਆਪ’ ਦੀ ਹਲਕਾ ਪੂਰਬੀ ਤੋਂ ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਹਲਕੇ ਦੇ ਵਿਕਾਸ ਲਈ ਇਕ ‘ਸੰਕਲਪ ਪੱਤਰ’ ਜਾਰੀ ਕੀਤਾ।
ਉਨ੍ਹਾਂ ਸਿੱਧੂ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਸ ਦੇ ‘ਪੰਜਾਬ ਮਾਡਲ’ ਵਿਚ ਸਿਰਫ ਮੈਂ, ਮੈਂ, ਮੈਂ ਹੀ ਹੈ। ਉਹ ਸਿਰਫ ਸੂਬੇ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਜਦੋਂਕਿ ਉਨ੍ਹਾਂ ਨੇ ਪੰਜਾਬ ਦੇ ਆਮ ਲੋਕਾਂ, ਔਰਤਾਂ, ਨੌਜਵਾਨਾਂ ਅਤੇ ਖਾਸ ਕਰਕੇ ਅੰਮ੍ਰਿਤਸਰ ਪੂਰਬੀ ਹਲਕੇ ਲਈ ਕੁਝ ਵੀ ਨਹੀਂ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਰਵਿੰਦ ਕੇਜਰੀਵਾਲ ਖਿਲਾਫ ਇਤਰਾਜ਼ਯੋਗ ਸ਼ਬਦ ਵਰਤਨ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਭਾਰਤੀ ਬਣਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਕੱਟੜ ਦੇਸ਼ ਭਗਤ ਹਨ। ਆਪ ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਕਿਹਾ ਕਿ ਉਹ ਇਸ ਹਲਕੇ ਨੂੰ ਕੇਵਲ ਅੰਮ੍ਰਿਤਸਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਮਾਡਲ ਹਲਕਾ ਬਣਾਉਣਾ ਚਾਹੁੰਦੇ ਹਨ। ਇਸੇ ਲਈ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਵਿਕਾਸਮਈ ਸੰਕਲਪ ਪੱਤਰ ਤਿਆਰ ਕੀਤਾ ਹੈ।
ਭਿੱਖੀਵਿੰਡ (ਨਰਿੰਦਰ ਸਿੰਘ): ਮਨੀਸ਼ ਸਿਸੋਦੀਆ ਨੇ ਖੇਮਕਰਨ ਹਲਕੇ ਦੇ ਪਿੰਡ ਲਾਖਣਾ ਵਿਚ ਪਾਰਟੀ ਉਮੀਦਵਾਰ ਸਰਵਨ ਸਿੰਘ ਧੁੰਨ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਥੇ ਉਨ੍ਹਾਂ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਵਿੱਚ ਸਥਿਰ ਸਰਕਾਰ ਦੇ ਸਕਦੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਖਾਨਾਜੰਗੀ ਦੀ ਸ਼ਿਕਾਰ ਹੈ। ਕਾਂਗਰਸ ਪਾਰਟੀ ਨੂੰ ਕਾਂਗਰਸੀ ਹੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ 75 ਸਾਲਾਂ ਬਾਅਦ ਪੰਜਾਬ ਵਿਚ ਬਦਲਾਅ ਲਿਆਉਣ ਜਾ ਰਹੀ ਹੈ ਅਤੇ ਪੰਜਾਬ ਵਿਚ ਸਿਹਤ, ਸਕੂਲ ਅਤੇ ਇੰਡਸਟਰੀ ਲਿਆਕੇ ਨਵੀਂ ਪੀੜ੍ਹੀ ਨੂੰ ਸਥਿਰਤਾ ਦੇਵੇਗੀ ਜੋ ਪਿਛਲੀਆਂ ਪਾਰਟੀਆਂ ਨਹੀਂ ਦੇ ਸਕੀਆਂ।
ਅਜਨਾਲਾ ਨਗਰ ਪੰਚਾਇਤ ਦਾ ਸਾਬਕਾ ਪ੍ਰਧਾਨ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ
ਅਜਨਾਲਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਹਲਕਾ ਅਜਨਾਲਾ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਪਿੰਡਾਂ ਦੇ ਨਾਲ ਨਾਲ ਅਜਨਾਲਾ ਸ਼ਹਿਰ ਅੰਦਰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਅਤੇ ਬਾਗੀ ਅਕਾਲੀ ਧੜੇ ਦੇ ਪ੍ਰਮੁੱਖ ਆਗੂ ਜੋਰਾਵਰ ਸਿੰਘ ਆਪਣੇ ਸਾਥੀ ਸਾਬਕਾ ਕੌਂਸਲਰ ਸਵਰਨ ਸਿੰਘ ਗੁਲਾਬ, ਜਗਤਾਰ ਸਿੰਘ ਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਦੇ ਪਤੀ ਅਤੇ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ ਵੀ ਕਾਂਗਰਸ ਛੱਡ ਕੇ ਆਪ ’ਚ ਸ਼ਾਮਿਲ ਹੋਏ।