ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਜੁਲਾਈ
ਭਾਰਤੀ ਯੋਗ ਸੰਸਥਾਨ ਦੇ ਬਾਨੀ ਸਵਰਗੀ ਪ੍ਰਕਾਸ਼ ਲਾਲ ਦੀ ਬਰਸੀ ਦੇ ਮੌਕੇ ਅੱਜ ਅੰਮ੍ਰਿਤਸਰ ਵਿੱਚ ਰਣਜੀਤ ਐਵੇਨਿਊ ਸਥਿਤ ਰਾਧਾ ਕ੍ਰਿਸ਼ਨ ਮੰਦਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਸਮ੍ਰਿਤੀ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਵਲੋਂ ਲਏ ਸੰਕਲਪ ਜੀਉ ਅਤੇ ਜੀਵਨ ਦਿਓ ਨੂੰ ਦ੍ਰਿੜਤਾ ਨਾਲ ਅੱਗੇ ਵਧਾਉਣ ਦਾ ਪ੍ਰਣ ਕੀਤਾ ਗਿਆ। ਸਮਾਗਮ ਦਾ ਆਰੰਭ ਉਨ੍ਹਾਂ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਅਤੇ ਦੀਪ ਜਗਾ ਕੇ ਕੀਤਾ ਗਿਆ। ਸੰਸਥਾ ਦੇ ਅੰਮ੍ਰਿਤਸਰ ਦੇ ਸਰਪ੍ਰਸਤ ਵਰਿੰਦਰ ਧਵਨ, ਪੰਜਾਬ ਇਕਾਈ ਦੇ ਅਧਿਕਾਰੀ ਸਤੀਸ਼ ਮਹਾਜਨ, ਸੁਨੀਲ ਕਪੂਰ, ਪ੍ਰਮੋਦ ਸੋਢੀ, ਮਾਸਟਰ ਮੋਹਨ ਲਾਲ ਅਤੇ ਗਿਰਧਾਰੀ ਲਾਲ ਨੇ ਦੀਪ ਜਗਾਇਆ ਅਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਭਜਨ ਦਾ ਗਾਇਨ ਕੀਤਾ ਗਿਆ ਅਤੇ ਗਾਇਤਰੀ ਮੰਤਰ ਤੋਂ ਬਾਅਦ ਧਿਆਨ ਅਭਿਆਸ ਕਰਵਾਇਆ ਗਿਆ। ਵਰਿੰਦਰ ਧਵਨ ਅਤੇ ਸਤੀਸ਼ ਮਹਾਜਨ ਨੇ ਸ਼੍ਰੀ ਪ੍ਰਕਾਸ਼ ਲਾਲ ਨਾਲ ਬਿਤਾਏ ਪਲ ਅਤੇ ਉਨ੍ਹਾਂ ਕੋਲੋਂ ਪ੍ਰਾਪਤ ਕੀਤੀ ਸਿੱਖਿਆ ਬਾਰੇ ਸਾਧਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਜੀਓ ਅਤੇ ਜੀਵਨ ਦਿਓ ਦੇ ਸੰਕਲਪ ਨਾਲ ਲੋਕ ਹਿੱਤ ਲਈ ਕੰਮ ਕਰਦੇ ਰਹੇ। ਸ੍ਰੀ ਪ੍ਰਕਾਸ਼ 30 ਜੁਲਾਈ 2010 ਨੂੰ 89 ਵਰ੍ਹਿਆਂ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ।