ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 18 ਨਵੰਬਰ
ਇਥੇ ਦਿਹਾਤੀ ਪੁਲੀਸ ਦੇ ਸੀਆਈਏ ਸਟਾਫ ਨੇ ਅੱਜ ਪਾਕਿਸਤਾਨ ਤੋਂ ਤਸਕਰੀ ਕੀਤੇ ਦੋ ਅਤਿ-ਆਧੁਨਿਕ 9 ਐੱਮਐੱਮ ਗਲੌਕ ਪਿਸਤੌਲ ਜ਼ਬਤ ਕੀਤੇ ਹਨ। ਪੁਲੀਸ ਨੇ ਹਥਿਆਰਾਂ ਦੇ ਤਸਕਰ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਸਰਹੱਦੀ ਪਿੰਡ ਹਰਦੋ ਰਤਨ ਵਾਸੀ ਸ਼ਗਨਪ੍ਰੀਤ ਸਿੰਘ ਵਜੋਂ ਹੋਈ ਹੈ।
ਉਸ ਨੂੰ ਇੱਥੋਂ ਦੇ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਘਰਿੰਡੀ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਸੀਆਈਏ ਸਟਾਫ਼ ਦੇ ਇੰਚਾਰਜ ਮਨਮੀਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਪਾਕਿਸਤਾਨ ਸਥਿਤ ਸਰਹੱਦੀ ਤਸਕਰ ਰਾਣਾ ਨਾਂ ਦੇ ਜਾਅਲੀ ਨਾਂ ਵਾਲੇ ਵਿਅਕਤੀ ਨਾਲ ਸਬੰਧ ਹਨ। ਡਰੋਨ ਦੀ ਮੱਦਦ ਨਾਲ ਹਥਿਆਰਾਂ ਦੀ ਤਸਕਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਮੁਲਜ਼ਮ ਸਰਹੱਦ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਮਗਰੋਂ ਪਿੰਡ ਘਰਿੰਡੀ ਨੇੜੇ ਨਾਕਾ ਲਗਾਇਆ ਗਿਆ ਅਤੇ ਮੋਟਰਸਾਈਕਲ ’ਤੇ ਜਾ ਰਹੇ ਮੁਲਜ਼ਮ ਨੂੰ ਰੋਕ ਲਿਆ। ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਮੁਸਤੈਦੀ ਨਾਲ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਪੁਲੀਸ ਨੇ ਦੋ ਗਲੌਕ ਪਿਸਤੌਲ ਬਰਾਮਦ ਕੀਤੇ।
ਉਸ ਦੇ ਪਿਛਲੇ ਰਿਕਾਰਡ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਨੇ ਇਸ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਇਸੇ ਤਹਿਤ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਮਾਨਵ ਰਹਿਤ ਹਵਾਈ ਵਾਹਨਾਂ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਹਥਿਆਰ ਸਪਲਾਈ ਕਰਨ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਨੇ ਇਸ ਸਾਲ ਵੱਡੀ ਗਿਣਤੀ ਵਿੱਚ ਡਰੋਨ ਜ਼ਬਤ ਕੀਤੇ ਹਨ।