ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 11 ਨਵੰਬਰ
ਪਿੰਗਲਵਾੜਾ ਦੀ ਪੰਡੋਰੀ ਬ੍ਰਾਂਚ ਵਿੱਚ 35 ਕਿਲੋ ਵਾਟ ਸੋਲਰ ਪੈਨਲ ਸਥਾਪਤ ਕੀਤਾ ਗਿਆ ਜਿਸ ਦਾ ਉਦਘਾਟਨ ਪਿੰਗਲਵਾੜਾ ਸੁਸਾਇਟੀ ਦੇ ਮੁੱਖ ਸੇਵਾਦਾਰ ਬੀਬੀ (ਡਾ.) ਇੰਦਰਜੀਤ ਕੌਰ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਕੀਤਾ ਗਿਆ। ਇਸ ਦੇ ਨਾਲ ਹੀ ਪੰਡੋਰੀ ਬ੍ਰਾਂਚ ਵਾਸਤੇ ਨਵੇਂ ਲੱਗੇ ਟਰਾਂਸਫ਼ਾਰਮਰ ਨੂੰ ਵੀ ਚਾਲੂ ਕੀਤਾ ਗਿਆ। ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਾਨਾਂਵਾਲਾ ਬ੍ਰਾਂਚ ਵਿੱਚ ਵੀ ਸੋਲਰ ਪਲਾਂਟ ਲਗਾਇਆ ਗਿਆ ਹੈ, ਜੋ ਆਪਣੀ ਸਮਰੱਥਾ ਮੁਤਾਬਕ ਬਹੁਤ ਵਧੀਆ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਪੰਡੋਰੀ ਬ੍ਰਾਂਚ ਵਿੱਚ ਲੱਗੇ 35 ਕਿਲੋ ਵਾਟ ਸੋਲਰ ਪਲਾਂਟ ਵੱਲੋਂ ਜੋ ਬਿਜਲੀ ਤਿਆਰ ਕੀਤੀ ਜਾਵੇਗੀ, ਉਹ ਬਿਜਲੀ ਮਹਿਕਮੇ ਨੂੰ ਦਿੱਤੀ ਜਾਵੇਗੀ ਅਤੇ ਇੱਕ ਸਾਲ ਬਾਅਦ ਜੋ ਬਿਜਲੀ, ਬਿਜਲੀ ਮਹਿਕਮੇ ਕੋਲੋਂ ਪੰਡੋਰੀ ਬ੍ਰਾਂਚ ਵਿੱਚ ਖਰਚ ਕੀਤੀ ਜਾਵੇਗੀ, ਉਸਦਾ ਹਿਸਾਬ ਕਰ ਕੇ ਲਗਭਗ ਸਿਫ਼ਰ ਬਿੱਲ ਆਵੇਗਾ। ਇਸ ਮੌਕੇ ਡਾ. ਇੰਦਰਜੀਤ ਕੌਰ ਅਤੇ ਕਮੇਟੀ ਮੈਂਬਰ ਮੁਖਤਾਰ ਸਿੰਘ, ਡਾ. ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ ਅਤੇ ਸੈਕਟਰੀ ਰੈੱਡ ਕਰਾਸ ਸੈਮਸਨ ਮਸੀਹ ਨੇ ਪਿੰਗਲਵਾੜੇ ਬ੍ਰਾਂਚ ਦਾ ਮੁਆਇਨਾ ਕੀਤਾ ਅਤੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ।