ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 20 ਦਸੰਬਰ
ਯੰਗ ਮਲੰਗ ਥੀਏਟਰ ਵੱਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਨਾਟਕ ‘ਕਿਰਾਏਦਾਰ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਮੁਕੇਸ਼ ਕੁੰਦਰਾ ਵਲੋਂ ਲਿਖਿਆ ਗਿਆ ਹੈ ਤੇ ਇਸ ਨੂੰ ਸਾਜਨ ਕਪੂਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ। ਨਾਟਕ ਦੇਖਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਰੋਟੇਰੀਅਨ ਸੁਨੀਲ ਕਪੂਰ, ਪੀ.ਸੀ.ਐਸ.ਐਚ ਸੁਪਨੰਦਨ, ਪੰਜਾਬ ਨਾਟਸ਼ਾਲਾ ਦੇ ਆਰਕੀਟੈਕਟ ਦਲਵੀਰ ਸਿੰਘ ਅਤੇ ਜਤਿੰਦਰ ਬਰਾੜ ਦਾ ਸਵਾਗਤ ਕੀਤਾ ਗਿਆ। ਨਾਟਕ ਦੀ ਕਹਾਣੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਵਾਲੇ ਮਕਾਨ ਮਾਲਕ ਅਤੇ ਕਿਰਾਏਦਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਮਹਿੰਗਾਈ ਕਾਰਨ ਪਰਿਵਾਰ ਸੋਚਦਾ ਹੈ ਕਿ ਘਰ ਦਾ ਇੱਕ ਹਿੱਸਾ ਖਾਲੀ ਪਿਆ ਹੈ, ਕਿਉਂ ਨਾ ਇਸ ਨੂੰ ਕਿਰਾਏ ’ਤੇ ਦੇ ਕੇ ਕੁਝ ਆਮਦਨੀ ਕੀਤੀ ਜਾਵੇ। ਪਰ ਕਿਰਾਏਦਾਰ ਕੁਝ ਸਮੇਂ ਬਾਅਦ ਕਿਰਾਇਆ ਦੇਣਾ ਬੰਦ ਕਰ ਦਿੰਦਾ ਹੈ। ਜਦੋਂ ਮਕਾਨ ਮਾਲਕ ਪੈਸੇ ਮੰਗਦਾ ਹੈ ਤਾਂ ਕਿਰਾਏਦਾਰ ਉਸ ਨੂੰ ਅਦਾਲਤ ਵਿੱਚ ਭੇਜਣ ਦੀ ਧਮਕੀ ਦਿੰਦਾ ਹੈ। ਅਖੀਰ ਇੱਕ ਦਿਨ ਅਜਿਹਾ ਹੁੰਦਾ ਹੈ ਕਿ ਮਕਾਨ ਮਾਲਕ ਆਪਣੇ ਹੀ ਘਰ ਵਿੱਚ ਕਿਰਾਏਦਾਰ ਬਣ ਜਾਂਦਾ ਹੈ। ਨਾਟਕ ਵਿੱਚ ਹਾਸੇ-ਮਜ਼ਾਕ ਨਾਲ ਸਮਾਜ, ਲੋਕਾਂ ਦੀ ਸੋਚ, ਇਥੋਂ ਤੱਕ ਕਿ ਪੁਲਿਸ ਅਤੇ ਅਦਾਲਤਾਂ ਅਤੇ ਇੱਕ ਆਮ ਆਦਮੀ ਦੀ ਬੇਵਸੀ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਨਾਟਕ ਦੇ ਅੰਤ ਵਿੱਚ ਜਤਿੰਦਰ ਬਰਾੜ ਨੇ ਪੰਜਾਬ ਨਾਟਸ਼ਾਲਾ ਦੀ ਤਰਫੋਂ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਜਤਿੰਦਰ ਬਰਾੜ ਨੇ ਕਿਹਾ ਕਿ ਨਾਟਕ ਨੇ ਇਹ ਸਿਖਾਇਆ ਹੈ ਕਿ ਜਦੋਂ ਮਕਾਨ ਕਿਸੇ ਨੂੰ ਕਿਰਾਏ ’ਤੇ ਦੇਣਾ ਪੈਂਦਾ ਹੈ ਤਾਂ ਪ੍ਰਸ਼ਾਸ਼ਨ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਦਿੱਤਾ ਜਾਵੇ।