ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਸਤੰਬਰ
ਵਿਸ਼ਵ ਸਿਹਤ ਸੰਗਠਨ ਵੱਲੋਂ ਪੋਲੀਓ ਤੋਂ ਮੁਕਤੀ ਲਈ ਨੈਸ਼ਨਲ ਪਲਸ ਪੋਲੀਓ ਮੁਹਿੰਮ ਤਿੰਨ ਦਿਨਾਂ ਲਈ 18, 19 ਅਤੇ 20 ਸਤੰਬਰ ਤੱਕ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਆਗਾਜ਼ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ਤੋਂ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਆਰੰਭ ਹੋਈ ਇਸ ਮੁਹਿੰਮ ਵਿੱਚ ਅੱਜ ਸਟੇਟ ਪੱਧਰ ਤੋਂ ਆਏ ਸਹਾਇਕ ਡਾਇਰੈਕਟਰ ਡਾ. ਬਲਵਿੰਦਰ ਕੌਰ ਅਤੇ ਐੱਸਐੱਮਓ (ਡਬਲਿਯੂ.ਐਚ.ਓ.) ਡਾ. ਵਿਕਰਮ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਸ ਮੁਹਿੰਮ ਦੇ ਪ੍ਰਚਾਰ ਲਈ ਸਿਵਲ ਸਰਜਨ ਡਾ. ਚਰਨਜੀਤ ਸਿੰਘ ਵੱਲੋਂ ਇੱਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਵਿੱਚ 24 ਆਟੋ ਸ਼ਾਮਲ ਸਨ। ਇਸ ਉਪਰੰਤ ਉਨ੍ਹਾਂ ਵੱਲੋਂ ਇੱਕ ਛੋਟੇ ਬੱਚੇ ਨੂੰ ਪੋਲੀਓ ਰੋਕੂ ਦੋ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦਾ ਆਰੰਭ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਭਾਵੇਂ ਸਾਡਾ ਦੇਸ਼ ਪੋਲੀਓ ਮੁਕਤ ਹੋ ਚੁੱਕਾ ਹੈ, ਪਰ ਫਿਰ ਵੀ ਨੇੜਲੇ ਦੇਸ਼ਾਂ ਤੋਂ ਇਸਦਾ ਖਤਰਾ ਬਰਕਰਾਰ ਰਹਿੰਦਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਂਢ-ਗੁਆਂਢ ਦੇ ਨਵਜੰਮੇ ਬੱਚਿਆਂ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਦੋ ਬੂੰਦਾਂ ਜ਼ਰੂਰ ਪਿਲਾਉਣ।