ਪੱਤਰ ਪ੍ਰੋਰਕ
ਅੰਮ੍ਰਿਤਸਰ, 27 ਅਕਤੂਬਰ
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੀ ਐਜੂਕੇਸ਼ਨਲ ਕਮੇਟੀ ਵੱਲੋਂ ਆਯੋਜਿਤ 21ਵੇਂ ਸੂਬਾ ਪੱਧਰੀ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਸਪੋਰਟਸ ਟੂਰਨਾਮੈਂਟ-2022 ਦੀ ਵੱਖ-ਵੱਖ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਵਿਚ ਆਰੰਭਤਾ ਕੀਤੀ ਗਈ। ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਰਾਹੀਂ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ ਗਈ। ਵਿਦਿਆਰਥਣ ਮੰਨਤ ਕੌਰ ਨੇ ਖਿਡਾਰੀਆਂ ਨੂੰ ਖੇਡਾਂ ਦੇ ਸਾਰੇ ਨਿਯਮ ਅਤੇ ਸਾਵਧਾਨੀਆਂ ਦਾ ਪਾਲਣ ਕਰਨ ਅਤੇ ਬਿਨਾਂ ਭੇਦ-ਭਾਵ ਖੇਡਣ ਦੀ ਸਹੁੰ ਚੁੱਕਣ ਦੀ ਰਸਮ ਨਿਭਾਈ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਖਿਡਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਖੇਡਣ ਲਈ ਪ੍ਰੇਰਦਿਆਂ ਸ਼ੁਭ ਇੱਛਾਵਾਂ ਦਾ ਸੰਦੇਸ਼ ਭੇਜਿਆ।
ਮੁੱਖ ਮਹਿਮਾਨ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਹਰ ਵਿਦਿਆਰਥੀ ਲਈ ਖੇਡਾਂ ਵਿਚ ਭਾਗ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਜੀਵਨ ਵਿਚ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਦੀਆਂ ਹਨ। ਡਾਇਰੈਕਟਰ-ਪ੍ਰਿੰਸੀਪਲ ਡਾ.ਧਰਮਵੀਰ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਟੂਰਨਾਮੈਂਟ ਦੇ ਕਨਵੀਨਰ ਸੰਤੋਖ ਸਿੰਘ ਸੇਠੀ, ਡਾਇਰੈਕਟਰ ਸਪੋਰਟਸ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਤਿੰਨ ਰੋਜ਼ਾ 21ਵੇਂ ਸਟੇਟ ਲੈਵਲ ਸਪੋਰਟਸ ਟੂਰਨਾਮੈਂਟ ਤਹਿਤ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸੈਕੰਡਰੀ ਸਕੂਲ ਮਜੀਠਾ ਰੋਡ, ਬਾਈਪਾਸ ਵਿੱਚ ਬਾਸਕਿਟਬਾਲ, ਹੈਂਡਬਾਲ, ਵਾਲੀਬਾਲ, ਸਕੇਟਿੰਗ, ਰਣਜੀਤ ਐਵੇਨਿਊ ਸਕੂਲ ਬ੍ਰਾਂਚ ਵਿਖੇ ਫੁਟਬਾਲ, ਹਾਕੀ, ਕਬੱਡੀ, ਖੋ-ਖੋ ਅਤੇ ਜੀ.ਟੀ.ਰੋਡ ਸਕੂਲ ਵਿੱਚ ਟਾਈਕਵਾਂਡੋ, ਚੈੱਸ, ਟੇਬਲ ਟੈਨਿਸ, ਬੈਡਮਿੰਟਨ, ਫੈਨਸਿੰਗ, ਰੋਪ ਸਕਿਪਿੰਗ ਅਤੇ ਸੁਲਤਾਨਵਿੰਡ ਲਿੰਕ ਰੋਡ ਸਕੂਲ ਵਿੱਚ ਗਤਕਾ ਅਤੇ ਬੈਂਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਸਰਬਜੀਤ ਸਿੰਘ ਛੀਨਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਟੂਰਨਾਮੈਂਟ ਵਿਚ ਮਿਡਲ, ਹਾਈ, ਸੈਕੰਡਰੀ ਗਰੁੱਪ ਹੇਠ (ਅੰਡਰ-14, 17 ਤੇ 19) ਵਰਗ ਦੇ ਲੜਕੇ, ਲੜਕੀਆਂ ਭਾਗ ਲੈ ਰਹੇ ਹਨ ਅਤੇ 15 ਖੇਡਾਂ ਵਿਚ 47 ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀ ਹਿੱਸਾ ਲੈ ਰਹੇ ਹਨ।