ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਮਈ
ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਹਫ਼ਤਾ ਪਹਿਲਾਂ ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਫਲ ਵਪਾਰੀ ਅਮਰੀਕ ਸਿੰਘ ਤੇ ਉਸ ਦੇ ਪੁੱਤਰ ਪ੍ਰਭਦੀਪ ਸਿੰਘ ਕੋਲੋਂ ਪੜਤਾਲ ਦੌਰਾਨ ਹੋਏ ਖ਼ੁਲਾਸੇ ਤਹਿਤ 25.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਲਗਪਗ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਇਸ ਨਸ਼ਿਆਂ ਦੇ ਕਾਰੋਬਾਰ ਰਾਹੀਂ ਇਹ ਰਕਮ ਦੀ ਕਥਿਤ ਤੌਰ ’ਤੇ ਕਮਾਈ ਕੀਤੀ ਸੀ। ਅਮਰੀਕ ਸਿੰਘ ਦੀ ਹਾਲ ਗੇਟ ਵਿੱਚ ਫਲਾਂ ਦੀ ਦੁਕਾਨ ਹੈ ਅਤੇ ਉਸ ਦਾ ਪੁੱਤਰ ਵੀ ਉੱਥੇ ਹੀ ਕੰਮ ਕਰਦਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਤੀਜਾ ਵਿਅਕਤੀ ਸਰਬਜੀਤ ਸਿੰਘ ਹਵਾਲਾ ਮਾਮਲੇ ਨਾਲ ਜੁੜਿਆ ਹੋਇਆ ਹੈ। ਇਹ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦੀ ਤਸਕਰੀ ਦਾ ਕਾਰੋਬਾਰ ਕਰ ਰਹੇ ਸਨ।