ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੇ ਅੱਜ 10 ਵਜੇ ਤੋਂ 1 ਵਜੇ ਤਕ ਯੂਨੀਵਰਸਿਟੀ ਗੇਟ ’ਤੇ ਬੈਠ ਕੇ ਪੜ੍ਹਾਈ ਕੀਤੀ ਅਤੇ ਪੰਜਾਬ ਸਰਕਾਰ ਦੇ ਯੂਨੀਵਰਸਿਟੀ ਅਤੇ ਕਾਲਜ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਨੇ ਪਾੜ੍ਹਿਆਂ ਨੂੰ ਸੜਕ ’ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ। ਇਸੇ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸੂਬਾ ਕਮੇਟੀ ਮੈਂਬਰ ਰਵਿੰਦਰ ਕੌਰ ਨੇ ਕਿਹਾ ਕਿ ਕਰੋਨਾ ਬਹਾਨੇ ਵਿਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਦੋਂਕਿ ਸੂਬੇ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ। ਵਿਦਿਆਰਥਣ ਆਗੂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਮਸਾਂ ਹੀ ਖੁੱਲ੍ਹਣ ਦੇ ਰਾਹ ਪਈਆਂ ਸਨ ਪਰ ਹੁਣ ਫੇਰ ਪੰਜਾਬ ਸਰਕਾਰ ਨੇ ਸਾਰੇ ਸਕੂਲ ਤੇ ਕਾਲਜ 31 ਮਾਰਚ ਤੱਕ ਬੰਦ ਕਰਨ ਦਾ ਸਰਕਾਰੀ ਫੁਰਮਾਨ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ ਛੇਤੀ ਖੋਲ੍ਹੇ ਜਾਣ। ਇਸੇ ਦੌਰਾਨ 30 ਮਾਰਚ ਨੂੰ ਡੀਸੀ ਦਫ਼ਤਰ ਜਾ ਕੇ ਰੋਸ ਮਾਰਚ ਕਰਨ ਅਤੇ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਗਿਆ।