ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 25 ਜੁਲਾਈ
ਯੂਐੱਨ ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੁਰ ਉਤਸਵ ਦੇ ਦੂਜੇ ਦਿਨ ਮੁੱਖ ਮਹਿਮਾਨ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਉਣ ਮਗਰੋਂ ਸ਼ਮ੍ਹਾ ਰੌਸ਼ਨ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਸਮਾਗਮ ਦਾ ਅੱਜ ਦੂਜਾ ਦਿਨ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਹਿੰਦਰ ਕਪੂਰ ਸਾਹਿਬ ਨੂੰ ਸਮਰਪਿਤ ਸੀ। ਅੰਮ੍ਰਿਤਸਰ ਦੇ ਜਾਂਬਾਜ਼ ਪੁਲੀਸ ਜਵਾਨਾਂ ਨੇ ਗੀਤ ਗਾ ਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ। ਮਹਿੰਦਰ ਕਪੂਰ ਦੇ ਗਾਏ ਹੋਏ ਗੀਤਾਂ ਨੂੰ ਗਾਉਣ ਵਾਲੇ ਯਸਪਾਲ ਮਿੰਟੂ, ਦਲਜੀਤ ਸਿੰਘ ਮੰਡ, ਅਮਰਜੀਤ ਸਿੰਘ, ਅਮਰਜੀਤ ਬੇਦੀ, ਹਰਵਿੰਦਰ ਮੱਟੂ, ਯਸਪਾਲ ਮਿੰਟੂ, ਸ਼ਮਸ਼ੇਰ ਢਿੱਲੋਂ, ਲਤਿਕਾ ਨੇ ਖ਼ੂਬਸੂਰਤ ਫ਼ਿਲਮੀ ਗੀਤ ਗਾਏ। ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਪ੍ਰਸਿੱਧ ਗਾਇਕ-ਸੰਗੀਤਕਾਰ ਹਰਿੰਦਰ ਸੋਹਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਜੰਮਪਲ ਮਰਹੂਮ ਗਾਇਕ ਮਹਿੰਦਰ ਕਪੂਰ ਸਾਹਿਬ ਦੀ ਜੀਵਨੀ ਬਾਰੇ ਤੇ ਸੰਘਰਸ਼ਾਂ ਬਾਰੇ ਦੱਸਿਆ। ਸਮਾਗਮ ਦੇ ਅੰਤ ਵਿੱਚ ਪੰਜਾਬੀ ਸਕਰੀਨ ਦੇ ਸੰਪਾਦਕ, ਫ਼ਿਲਮ-ਪੱਤਰਕਾਰੀ ਅਤੇ ਗੀਤਕਾਰੀ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਦਲਜੀਤ ਅਰੋੜਾ ਨੂੰ ਪੰਜਾਬ ਰਫ਼ੀ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ।