ਪੱਤਰ ਪ੍ਰੇਰਕ
ਅੰਮ੍ਰਿਤਸਰ, 27 ਸਤੰਬਰ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ (ਡੀਟੀਐੱਫ) ਦੇ ਵੱਲੋਂ ਤਰੱਕੀਆਂ ਮੌਕੇ ਵਿਭਾਗੀ ਟੈਸਟ ਤੇ ਕੰਪਿਊਟਰ ਟੈਸਟ ਸਬੰਧੀ ਜਾਰੀ ਕੀਤੇ ਪੱਤਰ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾਈ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਸੂਬਾਈ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਆਦਿ ਨੇ ਦੱਸਿਆ ਕਿ ਡੀਪੀਆਈ (ਅ.ਸਿ.) ਵੱਲੋਂ ਪਿਛਲੇ ਦਿਨੀਂ 2018 ਵਿੱਚ ਬਣਾਏ ਗਏ ਅਧਿਆਪਕ ਵਿਰੋਧੀ ਕਾਨੂੰਨ ਤਹਿਤ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀ ਪ੍ਰਮੋਸ਼ਨ ਕਰਨ ਸਮੇਂ ਵਿਭਾਗੀ ਟੈਸਟ ਅਤੇ ਕੰਪਿਊਟਰ ਟੈਸਟ ਥੋਪਣ ਸਬੰਧੀ ਪੱਤਰ ਜਾਰੀ ਕੀਤਾ, ਜਿਸ ਦੀ ਅਧਿਆਪਕ ਜਥੇਬੰਦੀਆਂ ਸਖਤ ਨਿਖੇਧੀ ਕਰਦੀਆਂ ਹਨ ਅਤੇ ਪੰਜਾਬ ਦੇ ਸਮੁੱਚੇ ਅਧਿਆਪਕਾਂ ਵਿਚ ਇਸ ਪ੍ਰਤੀ ਰੋਸ ਹੈ। ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮ ਮਾਰੂ 2018 ਦੇ ਸਰਵਿਸ ਨਿਯਮਾਂ ਦੀ ਆੜ ਹੇਠ ਸਿੱਧੀ ਭਰਤੀ ਰਾਹੀਂ 2019 ਵਿੱਚ ਭਰਤੀ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਹੋਰ ਪ੍ਰਮੋਟ ਹੋਏ ਅਧਿਆਪਕਾਂ ਦੀ ਤਰੱਕੀ ਇਨਕਰੀਮੈਂਟ ਰੋਕਣ ਦਾ ਤਾਨਾਸ਼ਾਹੀ ਹੁਕਮ ਜਾਰੀ ਕਰ ਦਿੱਤਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਪੱਤਰ ਵਾਪਸ ਨਾ ਹੋਇਆ ਅਤੇ ਘਟਾਈਆਂ ਅਸਾਮੀਆਂ ਬਹਾਲ ਨਾ ਹੋਈਆਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ।