ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ’ਚ ਜ਼ਿਲ੍ਹੇ ਦੇ ਵੀਹ ਵਿਦਿਆਰਥੀ ਸੂਬਾਈ ਮੈਰਿਟ ਸੂਚੀ ’ਚ ਆਏ ਹਨ ਤੇ ਇਨ੍ਹਾਂ ਵਿਚ ਵਧੇਰੇ ਕੁੜੀਆਂ ਸ਼ਾਮਲ ਹਨ। ਜ਼ਿਲ੍ਹੇ ਵਿੱਚ 28151 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਤੇ ਇਸ ਵਿੱਚੋਂ 27953 ਵਿਦਿਆਰਥੀ ਪਾਸ ਹੋਏ ਹਨ। ਜ਼ਿਲ੍ਹੇ ਦਾ ਇਹ ਨਤੀਜਾ 99.3 ਫ਼ੀਸਦ ਆਇਆ ਹੈ। ਸੇਂਟ ਕਬੀਰ ਪਬਲਿਕ ਸਕੂਲ ਦਾ ਵਿਦਿਆਰਥੀ ਅਰਸ਼ਦੀਪ ਸਿੰਘ ਜ਼ਿਲ੍ਹੇ ’ਚ ਪਹਿਲੇ ਸਥਾਨ ’ਤੇ ਆਇਆ ਹੈ ਤੇ ਸੂਬਾਈ ਮੈਰਿਟ ਸੂਚੀ ਵਿੱਚ ਉਸ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ 650 ਅੰਕਾਂ ਵਿੱਚੋਂ 638 ਅੰਕ ਪ੍ਰਾਪਤ ਕੀਤੇ ਹਨ, ਜੋ 98.15 ਫ਼ੀਸਦ ਹਨ।
ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਮੀਰਾਂਕੋਟ ਕਲਾਂ ਦੀ ਵਿਦਿਆਰਥਣ ਸੁਨੀਤਾ ਰਾਣੀ ਤੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੀ ਵਿਦਿਆਰਥਣ ਸੁਪ੍ਰੀਤ ਕੌਰ ਦੋਵਾਂ ਨੇ 637 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਅੰਬਰ ਪਬਲਿਕ ਸਕੂਲ ਨਵਾਂ ਤਾਨੇਲ ਦੀ ਵਿਦਿਆਰਥਣ ਹਰਲੀਨ ਕੌਰ ਤੇ ਗੁਰਸਿਮਰਨ ਕੌਰ ਦੋਵਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਨੂੰ ਸੂਬਾਈ ਮੈਰਿਟ ਸੂਚੀ ਵਿੱਚ 9 ਵਾਂ ਸਥਾਨ ਪ੍ਰਾਪਤ ਹੋਇਆ। ਦੋਵਾਂ ਨੇ 635 ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਸੂਬੇ ਦੀ ਮੈਰਿਟ ਸੂਚੀ ਵਿੱਚ ਸਰਕਾਰੀ ਹਾਈ ਸਕੂਲ ਮੀਰਾਂਕੋਟ ਕਲਾਂ ਦੀ ਸਿਮਰਨਜੀਤ ਕੌਰ, ਅੰਬਰ ਪਬਲਿਕ ਸਕੂਲ ਦੀ ਅਨਮੋਲਦੀਪ ਕੌਰ,ਅਜੀਤ ਵਿਦਿਆਲਾ ਦਾ ਰਮਨਜੀਤ ਸਿੰਘ, ਮਹਿਕਪ੍ਰੀਤ ਕੌਰ ਤੇ ਗੁਰਸ਼ਰਨ ਕੌਰ, ਜਗਤ ਜੋਤੀ ਮਾਡਲ ਸਕੂਲ ਦੀ ਕ੍ਰਿਸ਼ਨਾ ਸ਼ਰਮਾ, ਸਰਕਾਰੀ ਹਾਈ ਸਕੂਲ ਮੀਰਾਂਕੋਟ ਦੀ ਮਨਦੀਪ ਕੌਰ, ਸੇਂਟ ਕਬੀਰ ਪਬਲਿਕ ਸਕੂਲ ਦੀ ਸੁਸ਼ੀਲਾ ,ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਨਵਜੋਤ ਕੌਰ ਤੇ ਵਿਜੇ ਲਕਸ਼ਮੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਨੂਰਪ੍ਰੀਤ ਕੌਰ, ਅੰਬਰ ਪਬਲਿਕ ਸਕੂਲ ਦੀ ਗੁਲਸ਼ਨਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਪਿਆਲਾ ਦੀ ਪ੍ਰੀਤੀ ਕੌਰ, ਜਗਤ ਜੋਤੀ ਮਾਡਲ ਸਕੂਲ ਦੀ ਭੂਮਿਕਾ ਤੇ ਅੰਬਰ ਪਬਲਿਕ ਸਕੂਲ ਦੀ ਨਵਪ੍ਰੀਤ ਕੌਰ ਦਾ ਨਾਂ ਇਸ ਸੂਚੀ ’ਚ ਸ਼ਾਮਲ ਹਨ।