ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਅਕਤੂਬਰ
ਅੰਮ੍ਰਿਤਸਰ ਦੇ ਪੁਰਾਤਨ ਇਤਿਹਾਸ ਅਤੇ ਵਿਰਸੇ ਦੇ ਪਸਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਵਿਰਾਸਤੀ ਸੈਰ ਸਬੰਧੀ ਵੱਖ-ਵੱਖ ਖੇਤਰਾਂ ਦੇ ਨਾਵਾਂ ਸਬੰਧੀ ਬੋਰਡ ਲਗਾਏ ਗਏ ਹਨ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਨੇੜੇ ਜਲੇਬੀਆਂ ਵਾਲਾ ਚੌਕ ਸਬੰਧੀ ਇੱਕ ਬੋਰਡ ਲਾਇਆ ਗਿਆ। ਇਸ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਤਰਾਜ਼ ਕੀਤੇ ਜਾਣ ਮਗਰੋਂ ਤੁਰੰਤ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਬੋਰਡ ਹਟਵਾ ਦਿੱਤਾ ਗਿਆ ਹੈ।
ਸ੍ਰੀ ਬਾਦਲ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਵਿਰੋਧ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਨੇ ਲਿਖਿਆ ਕਿ ਇਸ ਖੇਤਰ ਦੀ ਪਛਾਣ ਕਟੜਾ ਆਲੂਵਾਲੀਆ ਚੌਕ ਵਜੋਂ ਹੈ ਅਤੇ ਇਹ ਪੁਰਾਤਨ ਤੇ ਵਿਰਾਸਤੀ ਇਲਾਕਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਖੇਤਰ ਦਾ ਨਾਂ ਬਦਲ ਕੇ ਇਸ ਦੀ ਪਛਾਣ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਗਿਆ ਹੈ ਜੋ ਦੁਖਦਾਈ ਹੈ। ਉਨ੍ਹਾਂ ਦੀ ਇਹ ਪੋਸਟ ਮੀਡੀਆ ਵਿੱਚ ਜਨਤਕ ਹੋਈ ਹੈ, ਜਿਸ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਇਸ ਬੋਰਡ ਨੂੰ ਹਟਵਾ ਦਿੱਤਾ ਤੇ ਇਸ ਸਬੰਧੀ ਸਪਸ਼ਟੀਕਰਨ ਵੀ ਦਿੱਤਾ ਹੈ।
ਇਸ ਸਬੰਧ ਵਿੱਚ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਟੜਾ ਆਲੂਵਾਲੀਆ ਦੇ ਵਿਚਾਲੇ ਪੈਂਦਾ ਚੌਕ ਜਿਸ ਵਿੱਚ ਜਲੇਬੀ ਬਣਾਉਣ ਦੀ ਪੁਰਾਣੀ ਦੁਕਾਨ ਹੋਣ ਕਾਰਨ ਇਸ ਨੂੰ ਬਹੁਤੇ ਲੋਕ ਜਲੇਬੀਆਂ ਵਾਲਾ ਚੌਕ ਕਰ ਕੇ ਵੀ ਜਾਣਦੇ ਹਨ ਪਰ ਵਿਭਾਗ ਦੇ ਲਿਟਰੇਚਰ ਅਤੇ ਬੋਰਡਾਂ ਉੱਤੇ ਜਲੇਬੀਆਂ ਵਾਲਾ ਚੌਕ ਲਿਖੇ ਜਾਣ ਉੱਤੇ ਕੁਝ ਲੋਕਾਂ ਵੱਲੋਂ ਪ੍ਰਗਟਾਏ ਇਤਰਾਜ਼ ਨੂੰ ਦੇਖਦੇ ਹੋਏ ਡੀਸੀ ਨੇ ਇਹ ਬੋਰਡ ਹਟਵਾ ਦਿੱਤੇ ਹਨ ਅਤੇ ਉਨ੍ਹਾਂ ਨੇ ਇਸ ਦਾ ਢੁਕਵਾਂ ਬਦਲ ਦੇਣ ਲਈ ਸੈਰ ਸਪਾਟਾ ਵਿਭਾਗ ਨੂੰ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸ਼ਹਿਰ ਦੀ ਵਿਰਾਸਤ ਅਤੇ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਸੁਚੱਜੇ ਢੰਗ ਨਾਲ ਪੇਸ਼ ਕਰਨ ਦੀ ਹੈ। ਅਸੀਂ ਇਸ ਦਾ ਇਤਿਹਾਸ ਅਨੁਸਾਰ ਢੁਕਵਾਂ ਬਦਲ ਲੱਭ ਕੇ ਦੇਵਾਂਗੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਦੇ ਪੁਰਾਤਨ ਇਤਿਹਾਸ ਅਤੇ ਵਿਰਸੇ ਦੇ ਪਸਾਰ ਲਈ ਸ਼ੁਰੂ ਕੀਤੀ ਗਈ ਵਿਰਾਸਤੀ ਸੈਰ ਨੂੰ ਹਾਲ ਹੀ ਵਿੱਚ ਡਿਜੀਟਲ ਰੂਪ ਦੇ ਕੇ ਕਿਊਆਰ ਕੋਡ ਨਾਲ ਨਵੀਂ ਪੀੜ੍ਹੀ ਤੱਕ ਪਸਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕੋਡ ਜ਼ਰੀਏ ਕੋਈ ਵੀ ਸੈਲਾਨੀ ਆਪਣੇ ਮੋਬਾਈਲ ਫੋਨ ਤੋਂ ਕੋਡ ਸਕੈਨ ਕਰ ਕੇ ਉਪਰੋਕਤ ਰਸਤੇ ਅਤੇ ਇਮਾਰਤਾਂ ਦੀ ਜਾਣਕਾਰੀ ਦਾ ਵਿਸਥਾਰ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਜਾਣ ਸਕਦਾ ਹੈ। ਇਨ੍ਹਾਂ ਇਮਾਰਤਾਂ ਵਿੱਚ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਟਾਊਨ ਹਾਲ, ਗੁਰਦੁਆਰਾ ਸਾਰਾਗੜ੍ਹੀ, ਕਿਲਾ ਆਲੂਵਾਲੀਆ, ਜਲੇਬੀਆਂ ਵਾਲਾ ਚੌਕ, ਉਦਾਸੀਨ ਆਸ਼ਰਮ ਅਖਾੜਾ ਸੰਘਲਵਾਲਾ, ਚਿੱਟਾ ਅਖਾੜਾ, ਦਰਸ਼ਨੀ ਡਿਊੜੀ, ਬਾਬਾ ਬੋਹੜ, ਠਾਕੁਰ ਦੁਆਰਾ ਦਰਿਆਣਾ ਮੱਲ, ਚੌਰਸਤੀ ਅਟਾਰੀ, ਠਾਕੁਰਦੁਆਰਾ ਰਾਏ ਕਿਸ਼ਨ ਚੰਦ, ਸਾਹਨੀ ਮੰਦਰ, ਠਾਕੁਰਦੁਆਰਾ ਰਾਜਾ ਤੇਜ ਸਿੰਘ, ਕਰਾਲਿੰਗ ਸਟਰੀਟ, ਪ੍ਰਾਚੀਨ ਰਸਤਾ ਆਦਿ ਜ਼ਿਕਰਯੋਗ ਹਨ। ਇਨ੍ਹਾਂ ਸਥਾਨਾਂ ਬਾਰੇ ਇਸ ਕੋਡ ਜ਼ਰੀਏ ਤਸਵੀਰਾਂ ਨਾਲ ਸਾਰਾ ਇਤਿਹਾਸ ਸਰੋਤੇ ਦੇ ਸਾਹਮਣੇ ਕਿਤਾਬ ਵਾਂਗ ਖੁੱਲ੍ਹਦਾ ਹੈ।