ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 13 ਜੁਲਾਈ
ਪਿੰਡ ਮੂਧਲ ਵਿੱਚ ਬੀਤੇ ਦਿਨ ਲਾਪਤਾ ਹੋਈ ਇੱਕ ਨਾਬਾਲਗ ਲੜਕੀ ਦੀ ਲਾਸ਼ ਮਿਲ ਗਈ ਹੈ। ਲਗਪਗ 9 ਸਾਲਾਂ ਦੀ ਸੁਖਮਨਦੀਪ ਕੌਰ ਮੰਗਲਵਾਰ ਨੂੰ ਉਸ ਸਮੇਂ ਲਾਪਤਾ ਹੋ ਗਈ ਸੀ ਜਦੋਂ ਉਹ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਵੇਰਵਿਆਂ ਮੁਤਾਬਕ ਪੁਲੀਸ ਨੇ ਪੀੜਤ ਪਰਿਵਾਰ ਦੇ ਕਈ ਰਿਸ਼ਤੇਦਾਰਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ ਹੈ। ਉਸ ਦੀ ਲਾਸ਼ ਘਰ ਤੋਂ ਕੁਝ ਮੀਟਰ ਦੂਰ ਇੱਕ ਬੰਦ ਹਵੇਲੀ (ਪਸ਼ੂਆਂ ਦੇ ਅਹਾਤੇ) ਵਿੱਚ ਸੁੱਟੀ ਹੋਈ ਮਿਲੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਮਿਸਤਰੀ ਅਤੇ ਮਜ਼ਦੂਰ ਉੱਥੇ ਕੰਮ ਲਈ ਆਏ। ਨਾਬਾਲਗ ਸੁਖਮਨਦੀਪ ਦਾ ਪਿਤਾ ਗੁਰਪ੍ਰੀਤ ਸਿੰਘ ਡਰਾਈਵਰ ਵਜੋਂ ਕੰਮ ਕਰਦਾ ਹੈ ਜੋ ਜੰਮੂ ਗਿਆ ਹੋਇਆ ਸੀ ਜਦਕਿਉਸਦੀ ਮਾਂ ਪਲਵਿੰਦਰ ਕੌਰ ਘਰੇਲੂ ਨੌਕਰ ਵਜੋਂ ਕੰਮ ਕਰਦੀ ਹੈ, ਜੋ ਆਪਣੇ ਕੰਮ ’ਤੇ ਗਈ ਹੋਈ ਸੀ। ਘਰ ਵਿੱਚ ਤਿੰਨ ਬੱਚੇ ਸਨ।
ਪੁਲੀਸ ਨੇ ਕੱਲ੍ਹ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 363 ਤਹਿਤ ਕੇਸ ਦਰਜ ਕੀਤਾ ਸੀ। ਘਟਨਾ ਤੋਂ ਬਾਅਦ ਪੁਲੀਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਿਸ ਤੋਂ ਪਤਾ ਲੱਗਾ ਕਿ ਲੜਕੀ ਪਿੰਡ ਤੋਂ ਬਾਹਰ ਨਹੀਂ ਗਈ ਸੀ। ਇਸ ਮਗਰੋਂ ਪੁਲੀਸ ਨੇ ਡਰੋਨ ਦੀ ਮਦਦ ਨਾਲ ਪੂਰੇ ਇਲਾਕੇ ਦੀ ਜਾਂਚ ਕੀਤੀ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਭਿਮਨਿਊ ਰਾਣਾ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਲੜਕੀ ਦੀ ਲਾਸ਼ ਨੂੰ ਬੰਦ ਹਵੇਲੀ ਦੀ ਕੰਧ ਉੱਤੋਂ ਅੰਦਰ ਸੁੱਟਿਆ ਗਿਆ। ਉਸ ਦੇ ਸਿਰ ’ਤੇ ਸੱਟ ਲੱਗੀ ਹੋਈ ਹੈ। ਉਨ੍ਹਾ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।