ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਅਕਤੂਬਰ
ਨਸ਼ੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਇੱਥੇ ਇਕ ਹੋਟਲ ਦੇ ਕਮਰੇ ਵਿੱਚੋਂ ਮਿਲੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜੋ ਉਸ ਵੇਲੇ ਮ੍ਰਿਤਕ ਦੇ ਨਾਲ ਸੀ ।ਮ੍ਰਿਤਕ ਵਿਅਕਤੀ ਦੀ ਸ਼ਨਾਖਤ ਨਰਿੰਦਰ ਸਿੰਘ ਉਰਫ ਨਿੰਦਰ ਵਾਸੀ ਹੁਸੈਨਪੁਰਾ ਚੌਕ ਵਜੋਂ ਹੋਈ ਹੈ।
ਉਸ ਦੀ ਭੈਣ ਕਿਰਨਜੋਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਨਰਿੰਦਰ ਉਸ ਦਾ ਵੱਡਾ ਭਰਾ ਹੈ ਅਤੇ ਉਹ ਅਣਵਿਆਹਿਆ ਸੀ। ਉਹ ਆਟੋ ਰਿਕਸ਼ਾ ਕਿਰਾਏ ਤੇ ਲੈ ਕੇ ਉਸ ਨੂੰ ਚਲਾਉਣ ਦਾ ਕੰਮ ਕਰਦਾ ਸੀ । ਇਸ ਕੰਮ ਦੌਰਾਨ ਉਹ ਹੋਟਲ ਤੋਂ ਯਾਤਰੂਆਂ ਨੂੰ ਲੈ ਕੇ ਅਤੇ ਛੱਡ ਕੇ ਵੀ ਜਾਂਦਾ ਸੀ। ਬੀਤੇ ਕੱਲ੍ਹ ਸਵੇਰੇ ਉਹ ਆਟੋ ਰਿਕਸ਼ਾ ਲੈ ਕੇ ਗਿਆ ਸੀ ਅਤੇ ਬਾਅਦ ਦੁਪਹਿਰ ਕਿਸੇ ਦਾ ਫੋਨ ਆਇਆ ਕਿ ਉਸ ਦਾ ਭਰਾ ਹੋਟਲ ਦੇ ਕਮਰੇ ਵਿੱਚ ਹੈ ਅਤੇ ਠੀਕ ਨਹੀਂ ਹੈ । ਉਹ ਤੁਰੰਤ ਮੌਕੇ ਤੇ ਗਈ ਅਤੇ ਦੇਖਿਆ ਉਸ ਦਾ ਭਰਾ ਬੇਸੁੱਧ ਪਿਆ ਸੀ । ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪਤਾ ਲੱਗਾ ਕਿ ਨਰਿੰਦਰ ਹੋਟਲ ਦੇ ਕਮਰੇ ਵਿਚ ਇਕ ਔਰਤ ਦੇ ਨਾਲ ਠਹਿਰਿਆ ਸੀ ਜਿਸ ਦੀ ਸ਼ਨਾਖਤ ਰਜਨੀ ਵਜੋਂ ਦੱਸੀ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਇਹ ਔਰਤ ਨੇ ਹੀ ਉਸ ਦੇ ਭਰਾ ਨੂੰ ਨਸ਼ਾ ਦਿੱਤਾ ਹੈ ,ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਪੁਲੀਸ ਨੇ ਇਸ ਬਿਆਨ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਹੈ।