ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਨਵੰਬਰ
ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਪ੍ਰਕਾਸ਼ ਨਾਂਅ ਦੇ ਵਿਅਕਤੀ ਨੇ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਇਸ ਮਗਰੋਂ ਗੁੱਸੇ ਵਿੱਚ ਆਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਉਸ ਦੀ ਲਾਸ਼ ਭੰਡਾਰੀ ਪੁਲ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਘਟਨਾ ਤੋਂ ਬਾਅਦ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਦੇਰ ਸ਼ਾਮ ਉਸ ਸਮੇਂ ਵਾਪਰੀ ਜਦੋਂ ਉਹ ਅਤੇ ਉਸ ਦੀ ਭੈਣ ਕੀਰਤੀ ਦੋਵੇਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਉਨ੍ਹਾਂ ਦੇ ਸਕੂਟਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ ਸੀ। ਉਸ ਦੀ ਭੈਣ ਕੀਰਤੀ ਇਸ ਘਟਨਾ ਵਿੱਚ ਰੇਲਵੇ ਫਲਾਈਓਵਰ ਤੋਂ ਡਿੱਗ ਗਈ ਸੀ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਵੀ ਦਾਖਲ ਹੈ, ਜਿੱਥੇ ਉਸ ਦੀ ਹਾਲਤ ਵੀ ਨਾਜ਼ੁਕ ਹੈ। ਪ੍ਰਕਾਸ਼ ਨੂੰ ਵੀ ਕਾਰ ਕਈ ਮੀਟਰ ਤੱਕ ਘੜੀਸਦੀ ਹੋਈ ਦੂਰ ਤੱਕ ਲੈ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਅੱਜ ਇਲਾਜ ਦੌਰਾਨ ਪ੍ਰਕਾਸ਼ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਭਾਵੇਂ ਗੇਟ ਹਕੀਮਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਪਰ ਪੁਲੀਸ ਸਕੂਟਰ ਨੂੰ ਟੱਕਰ ਮਾਰਨ ਵਾਲੀ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਵਾਪਰਨ ਸਮੇਂ ਕਾਰ ਸਵਾਰ ਬਹੁਤ ਜ਼ਿਆਦਾ ਸ਼ਰਾਬੀ ਸਨ। ਇਸ ਸਬੰਧੀ ਰੋਸ ਵਜੋਂ ਇਹ ਧਰਨਾ ਦਿਤਾ ਹੈ। ਸਹਾਇਕ ਪੁਲੀਸ ਕਮਿਸ਼ਨਰ ਪਰਵੇਸ਼ ਚੋਪੜਾ ਸਮੇਤ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਗੇਟ ਹਕੀਮਾ ਪੁਲੀਸ ਨੇ ਕਾਰ ਦੇ ਡਰਾਈਵਰ ਦੀ ਪਛਾਣ ਪਿੰਡ ਭਿੱਟੇਵੱਢ ਵਾਸੀ ਵਜੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।