ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 19 ਜਨਵਰੀ
ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੂਰੀ ਖਾਲਸਾਈ ਸ਼ਾਨ ਅਤੇ ਸਿੱਖੀ ਰਵਾਇਤਾਂ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ। ਦੀਵਾਨ ਦੇ ਮੁੱਖ ਦਫਤਰ ਤੋਂ ਆਰੰਭ ਹੋਏ ਨਗਰ ਕੀਰਤਨ ਵਿੱਚ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਚੀਫ਼ ਖ਼ਾਲਸਾ ਦੀਵਾਨ ਸਕੂਲਜ਼ ਅਤੇ ਮੁਖੀ ਧਰਮ ਪ੍ਰਚਾਰ ਕਮੇਟੀ ਭਾਗ ਸਿੰਘ ਅਣਖੀ, ਹੋਰ ਮੈਂਬਰ ਸਾਹਿਬਾਨ ਨੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਜੀ ਆਇਆਂ ਆਖਿਆ। ਨਗਰ ਕੀਰਤਨ ਦੀ ਰਵਾਨਗੀ ਸਮੇਂ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਅਰਦਾਸੀਏ ਭਾਈ ਸਾਹਿਬ ਭਾਈ ਸੁਲਤਾਨ ਸਿੰਘ ਜੀ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ । ਪਾਲਕੀ ਸਾਹਿਬ ਵਿੱਚ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਨਿਸ਼ਾਨ ਸਾਹਿਬ ਅਤੇ ਪੰਜ ਪਿਆਰੇ ਖਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਦਰਸ਼ਨ ਕਰ ਰਹੇ ਸਨ। ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਸ਼ਾਹਕੋਟ, ਪੱਤਰ ਪ੍ਰੇਰਕ: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰਦੁਆਰਾ ਬਾਬਾ ਸੁਖਚੈਨ ਦਾਸ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਬਾਜਵਾ ਕਲਾਂ ਤੋਂ ਸ਼ੁਰੂ ਹੋ ਕੇ ਬਾਂਹਮਣੀਆਂ, ਐਦਲਪੁਰ, ਬਾਜਵਾ ਖੁਰਦ, ਸਾਹਲਾਪੁਰ ਅਤੇ ਸੰਢਾਂਵਾਲ ਵਿਚੋ ਦੀ ਹੁੰਦਾ ਹੋਇਆ ਬਾਜਵਾ ਕਲਾਂ ਵਿਖੇ ਆ ਕੇ ਸਮਾਪਤ ਹੋਇਆ।