ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਫਰਵਰੀ
ਚੋਣ ਪ੍ਰਚਾਰ ਦੀ ਲੰਮੀ ਭੱਜ-ਦੌੜ ਅਤੇ ਵੋਟਾਂ ਤੋਂ ਬਾਅਦ ਅੱਜ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਢੰਗ ਨਾਲ ਦਿਨ ਬਿਤਾਇਆ। ਕੁਝ ਇਕ ਨੇ ਆਪਣੇ ਪਰਿਵਾਰ ਨਾਲ ਘਰ ਵਿਚ ਸਮਾਂ ਬਿਤਾਇਆ ਅਤੇ ਕੁਝ ਇਕ ਨੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ ਹਨ। ‘ਆਪ’ ਦੇ ਉਮੀਦਵਾਰ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਆਪ ਦੀ ਹਲਕਾ ਪੂਰਬੀ ਤੋਂ ਉਮੀਦਵਾਰ ਜੀਵਨ ਜੋਤ ਕੌਰ ਨੇ ਆਪਣੇ ਦਫਤਰ ਵਿਚ ਸਮਰਥਕਾਂ ਨਾਲ ਮੀਟਿੰਗ ਕੀਤੀ ਹੈ, ਜਿਸ ਵਿਚ ਉਨ੍ਹਾਂ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ।
ਡਾ. ਜੀਵਨ ਜੋਤ ਆਪਣੇ ਹਲਕੇ ਵਿਚ ਵੀ ਗਏ ਅਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੋਟਾਂ ਪਾਈਆਂ ਹਨ ਅਤੇ ਲੋਕਾਂ ਨੇ ਹੀ ਭਵਿੱਖ ਤਹਿ ਕਰਨਾ ਹੈ। ਵੋਟਾਂ ਦਾ ਕੰਮ ਖਤਮ ਹੋ ਚੁੱਕਾ ਹੈ ਅਤੇ ਨਤੀਜੇ ਆਉਣ ਤੋਂ ਬਾਅਦ ਅਸਲ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਨਾਲ ਸੰਪਰਕ ਵਿਚ ਰਹਿਣਗੇ ਅਤੇ ਉਨ੍ਹਾਂ ਦੇ ਕੰਮ ਵੀ ਕਰਾਉਣਗੇ। ਹਲਕੇ ਵਿਚ ਆਪਣੇ ਕੇਡਰ ਦਾ ਵੀ ਵਿਸਥਾਰ ਕਰਨਗੇ।
ਇਸ ਦੌਰਾਨ ਉਪ ਮੁੱਖ ਮੰਤਰੀ ਓਪੀ ਸੋਨੀ, ਜਿਨਾਂ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜੀ ਹੈ, ਨੇ ਅੱਜ ਮਾਡਲ ਟਾਊਨ ਵਿਖੇ ਮਾਤਾ ਲਾਲ ਦੇਵੀ ਦੇ ਮੰਦਿਰ ਵਿਚ ਜਨਮ ਦਿਵਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਹੋਰ ਵੀ ਕਈ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ। ਉਹ ਬੀਤੇ ਕੱਲ ਹੋਏ ਦੋਹਰੇ ਕਤਲ ਦੇ ਮਾਮਲੇ ਵਿਚ ਪੀੜਤ ਪਰਿਵਾਰਾਂ ਨੂੰ ਵੀ ਮਿਲੇ। ਭਾਜਪਾ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਡਾ ਜਗਮੋਹਨ ਸਿੰਘ ਰਾਜੂ ਨੇ ਆਪਣੇ ਪਰਿਵਾਰ ਅਤੇ ਭਾਜਪਾ ਕਾਰਕੁਨਾਂ ਦੇ ਨਾਲ ਇਕ ਨਾਮੀ ਰੈਸਟੋਰੈਂਟ ਵਿਚ ਦੁਪਹਿਰ ਦਾ ਭੋਜਨ ਕੀਤਾ। ਇਸ ਦੌਰਾਨ ਆਪ ਦੇ ਕੁਝ ਉਮੀਦਵਾਰਾਂ ਨੇ ਈਵੀਐਮ ਮਸ਼ੀਨਾਂ ਜਿਨ੍ਹਾਂ ਥਾਵਾਂ ’ਤੇ ਰੱਖੀਆਂ ਹਨ, ਦਾ ਦੌਰਾ ਕੀਤਾ ਹੈ ਅਤੇ ਸੁਰਖਿਆ ਪ੍ਰਬੰਧਾਂ ਨੂੰ ਦੇਖਿਆ। ਕੁਝ ਹੋਰ ਸਿਆਸੀ ਆਗੂ ਜਿਨ੍ਹਾਂ ਵਿਚ ਰਾਜ ਕੁਮਾਰ ਵੇਰਕਾ, ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ, ਨਵਜੋਤ ਸਿੰਘ ਸਿੱਧੂ ਤੇ ਹੋਰ ਮੀਡੀਆ ਤੋਂ ਦੂਰ ਰਹੇ ਹਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਕੱਲ੍ਹ ਇਥੇ ਚੋਣਾਂ ਸਮਾਪਤ ਹੋਣ ਤੋਂ ਬਾਅਦ ਅੱਜ ਸਾਰੇ ਉਮੀਦਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਘਰਾਂ ’ਚ ਹੀ ਰਹਿ ਕੇ ਆਪਣੇ ਪਰਿਵਾਰ ਤੇ ਵਰਕਰਾਂ ਨਾਲ ਚੋਣਾਂ ਦੀ ਸਥਿਤੀ ਦੇ ਜਾਇਜ਼ੇ ਲਏ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਰਿਹਾਇਸ਼ ਤੇ ਅੱਜ ਜਦੋਂ ਪੁੱਜ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਵਰਕਰਾਂ ਦਾ ਤਾਂਤਾ ਲੱਗਾ ਹੋਇਆ ਸੀ ਤਾਂ ਉਨ੍ਹਾਂ ਕਰੀਬੀ ਵਰਕਰਾਂ ਦਾ ਧੰਨਵਾਦ ਕੀਤਾ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਪਿਛਲੇ ਕਈ ਦਿਨਾਂ ਤੋਂ ਚੋਣ ਸਰਗਰਮੀਆਂ ਵਿਚ ਰੁਝੇ ਉਮੀਦਵਾਰਾਂ ਨੇ ਐਤਵਾਰ ਨੂੰ ਵੋਟਾਂ ਦਾ ਕੰਮ ਸੰਪੂਰਨ ਹੋਣ ਤੋਂ ਬਾਅਦ ਅੱਜ ਸੁੱਖ ਦਾ ਸਾਹ ਲਿਆ। ਸ਼ਾਹਕੋਟ ਵਿਚ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਅੱਜ ਵੱਖੋ-ਵੱਖ ਢੰਗਾਂ ਨਾਲ ਆਪਣਾ ਸਮਾਂ ਬਿਤਾਇਆ।
ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਸਾਰਾ ਦਿਨ ਆਪਣੇ ਮਲਸੀਆਂ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸ਼ਰ) ਦੇ ਉਮੀਦਵਾਰ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ, ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਅਤੇ ਭਾਜਪਾ ਦੇ ਉਮੀਦਵਾਰ ਨਰਿੰਦਰਪਾਲ ਸਿੰਘ ਚੰਦੀ, ਸੀ.ਪੀ.ਆਈ (ਐਮ) ਦੇ ਜਸਕਰਨਜੀਤ ਸਿੰਘ ਕੰਗ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਡਾ. ਜਗਤਾਰ ਸਿੰਘ ਚੰਦੀ ਨੇ ਆਪੋ-ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਇਆ। ਈਵੀਐਮ ਮਸ਼ੀਨਾਂ ਵਿਚ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਜਾਣ ਨਾਲ ਬੇਸ਼ੱਕ ਅੱਜ ਉਨ੍ਹਾਂ ਨੂੰ ਕੁਝ ਆਰਾਮ ਮਿਲਿਆ ਹੈ ਪਰ 10 ਮਾਰਚ ਤੱਕ ਉਨ੍ਹਾਂ ਦੀ ਨੀਂਦ ਉੱਡੀ ਰਹੇਗੀ।
ਈਵੀਐਮਜ਼ ’ਤੇ ਨੀਮ ਫੌਜੀ ਬਲਾਂ ਅਤੇ ਪੰਜਾਬ ਪੁਲੀਸ ਦਾ ਸਖ਼ਤ ਪਹਿਰਾ
ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ’ਚ ਪੋਲਿੰਗ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਤੇ ਵੀਵੀਪੈਟਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮਜ਼ ਵਿੱਚ ਸਟੋਰ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰੀ ਮੈਰੀਟੋਰੀਅਸ ਸਕੂਲ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਪੰਜਾਬ ਲੈਂਡ ਰਿਕਾਰਡ ਸੁਸਾਇਟੀ ਅਤੇ ਸਟੇਟ ਪਟਵਾਰ ਸਕੂਲ ਵਿਖੇ ਬਣਾਏ ਗਏ ਸਟਰਾਂਗ ਰੂਮ ਸੀਲ ਕਰਨ ਦਾ ਸਮੁੱਚਾ ਕਾਰਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਅਤੇ ਜਨਰਲ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹਿਆ ਗਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਮੁੱਚੀਆਂ ਈਵੀਐੱਮਜ਼ ਤੇ ਵੀਵੀਪੈਟ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਹੇਠ ਜੀਪੀਐੱਸ ਟ੍ਰੈਕਿੰਗ ਸਿਸਟਮ ਨਾਲ ਲੈਸ ਵਾਹਨਾਂ ਰਾਹੀਂ ਸਟਰਾਂਗ ਰੂਮਜ਼ ਵਿੱਚ ਤਬਦੀਲ ਕੀਤਾ ਗਿਆ।
ਚੋਣ ਅਬਜ਼ਰਵਰ ਡਾ. ਸਰੋਜ ਕੁਮਾਰ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਥੇ ਪੰਜਾਬ ਪੁਲੀਸ, ਪੰਜਾਬ ਆਰਮਡ ਪੁਲੀਸ ਅਤੇ ਅਰਧ ਸੈਨਿਕ ਬਲ ਦੀ ਤਾਇਨਾਤੀ ਦੇ ਨਾਲ ਸਟਰਾਂਗ ਰੂਮਜ਼ ਦੀ 24 ਘੰਟੇ ਥ੍ਰੀ-ਟਾਇਰ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਜ਼ ਦੀ 24 ਘੰਟੇ ਈ-ਨਿਗਰਾਨੀ ਲਈ ਹਰੇਕ ਸਟਰਾਂਗ ਰੂਮ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇ ਨਾਲ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਵੀਡੀਓ ਰਿਕਾਰਡਿੰਗ ਦਾ ਉਚਿਤ ਬੈਕਅੱਪ ਵੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਫਿਲੌਰ, ਸ਼ਾਹਕੋਟ, ਨਕੋਦਰ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣੀ ਅਤੇ ਆਦਮਪੁਰ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਮੂਹ ਰਿਟਰਨਿੰਗ ਅਫਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪਠਾਨਕੋਟ ਅੰਦਰ ਵੋਟਾਂ ਦੀ ਪੋਲਿੰਗ ਦਾ ਕੰਮ ਮੁਕੰਮਲ ਹੋਣ ਬਾਅਦ ਤਿੰਨੇ ਵਿਧਾਨ ਸਭਾ ਹਲਕਿਆਂ (ਪਠਾਨਕੋਟ, ਸੁਜਾਨਪੁਰ ਅਤੇ ਭੋਆ) ਦੀਆਂ ਈਵੀਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖ ਦਿੱਤਾ ਗਿਆ ਹੈ। ਇਹ ਸਟਰਾਂਗ ਰੂਮ ਸਥਾਨਕ ਐਸਡੀ ਕਾਲਜ ਵਿੱਚ ਬਣਾਇਆ ਗਿਆ ਹੈ ਅਤੇ ਤਿੰਨਾਂ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਨੇ ਅੱਜ ਮੌਕੇ ਉਪਰ ਪੁੱਜ ਕੇ ਸਟਰਾਂਗ ਰੂਮ ਦਾ ਜਾਇਜ਼ਾ ਲਿਆ। ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਦੱਸਿਆ ਕਿ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਸਟਰਾਂਗ ਰੂਮ ਦੇ ਅੰਦਰ ਕੇਂਦਰੀ ਅਰਧਸੈਨਿਕ ਬਲ ਤਾਇਨਾਤ ਹਨ। ਜਦ ਕਿ ਦੂਸਰੇ ਘੇਰੇ ਵਿੱਚ ਆਰਮਡ ਪੁਲੀਸ ਦੇ ਜਵਾਨ ਤਾਇਨਾਤ ਹਨ ਅਤੇ ਤੀਸਰੇ ਘੇਰੇ ਦੀ ਜ਼ਿੰਮੇਵਾਰੀ ਜ਼ਿਲ੍ਹਾ ਪੁਲੀਸ ਨੂੰ ਸੌਂਪੀ ਗਈ ਹੈ।