ਮਨਮਹੋਨ ਸਿੰਘ ਢਿੱਲੋਂ
ਅੰਮ੍ਰਿਤਸਰ, 25 ਦਸੰਬਰ
ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵੇਰਕਾ ਵਿੱਚ ਸੂਬੇ ਦੇ ਪਹਿਲੇ ਆਯੁਰਵੈਦਿਕ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੂਬੇ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਹੋਰ ਵੀ ਆਯੁਰਵੈਦਿਕ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਣਗੇ।
ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਵਿਚ 24 ਆਯੁਰਵੈਦਿਕ /ਯੂਨਾਨੀ ਡਿਸਪੈਂਸਰੀਆਂ ਚੱਲ ਰਹੀਆਂ ਹਨ। ਇਸ ਮੌਕੇ ਉਪ ਮੁੱਖ ਮੰਤਰੀ ਨੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਸਨਮਾਨ ਵੀ ਕੀਤਾ। ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ. ਰਣਬੀਰ ਸਿੰਘ ਕੰਗ ਨੇ ਕਿਹਾ ਕਿ ਵੇਰਕਾ ਹਸਪਤਾਲ ਵਿੱਚ ਪੰਚਕਰਮਾ ਦੀ ਸੁਵਿਧਾ ਵੀ ਉਪਲੱਬਧ ਹੈ ਅਤੇ ਇਸ ਵਿਧੀ ਰਾਹੀਂ ਵੀ ਅਨੇਕਾਂ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਵਿੱਚ ਨਸ਼ਾ ਛੁਡਾਊ ਕੇਂਦਰ ਖੁੱਲ੍ਹਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਅਤੇ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਹੁਣ ਇਸ ਹਸਪਤਾਲ ਵਿੱਚ ਹੀ ਹੋ ਸਕੇਗਾ।
ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕ ਕਰਨ ਲਈ ਪੰਜ ਵੈਨਾਂ ਰਵਾਨਾ
ਅੰਮ੍ਰਿਤਸਰ (ਪੱਤਰ ਪ੍ਰੇਰਕ): ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਰਹਿੰਦੇ ਪਰਿਵਾਰਾਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕਰਨ ਲਈ ਰਾਣੀ ਕਾ ਬਾਗ ਵਿੱਚ ਪੰਜ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਸੂਬੇ ਦੇ 30,98,873 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ 1201 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ਦੇ 900 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਇਸ ਸਕੀਮ ਅਧੀਨ ਪੰਜੀਕ੍ਰਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 103 ਕਰੋੜ ਰੁਪਏ ਦੀ ਰਾਸ਼ੀ ਹਸਪਤਾਲਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਕਲੇਮ ਇਸ ਸਕੀਮ ਹੇਠਾਂ ਜਲਦੀ ਨਿਪਟਾਏ ਜਾਣਗੇ।
ਲਾਹੜੀ ਗੁੱਜਰਾਂ ’ਚ ਆਯੁਰਵੈਦਿਕ ਡਿਸਪੈਂਸਰੀ ਦਾ ਉਦਘਾਟਨ
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਦੇ ਪਿੰਡ ਲਾਹੜੀ ਗੁੱਜਰਾਂ ਵਿੱਚ ਆਯੁਰਵੈਦਿਕ ਡਿਸਪੈਂਸਰੀ ਦਾ ਪੁਨਰ ਨਿਰਮਾਣ ਕਾਰਜ ਮੁਕੰਮਲ ਹੋਣ ਮਗਰੋਂ ਡਿਸਪੈਂਸਰੀ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ। ਇਸ ਦਾ ਉਦਘਾਟਨ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਕੀਤਾ। ਉਨ੍ਹਾਂ ਇਸ ਡਿਸਪੈਂਸਰੀ ਦੀਆਂ ਹੋਰ ਜ਼ਰੂਰਤਾਂ ਪੂਰੀਆਂ ਕਰਨ ਲਈ 6 ਲੱਖ ਰੁਪਏ ਦੀ ਹੋਰ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ।