ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਕਤੂਬਰ
ਸ਼ਹਿਰ ਦੇ ਇਕ ਡਾਕਟਰ, ਜਿਸ ਵੱਲੋਂ ਨਿੱਜੀ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ, ਨੂੰ ਇਕ ਗੈਂਗਸਟਰ ਦੇ ਸਾਥੀ ਵੱਲੋਂ ਕਥਿਤ ਤੌਰ ’ਤੇ ਫਿਰੌਤੀ ਲਈ ਫੋਨ ਕਾਲਾਂ ਕੀਤੀਆਂ ਗਈਆਂ ਹਨ।ਇਸ ਡਾਕਟਰ ਕੋਲੋਂ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਸਬੰਧੀ ਪੁਲੀਸ ਨੇ ਫਿਲਹਾਲ ਚੁਪ ਧਾਰੀ ਹੋਈ ਹੈ। ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਆਈ ਹੈ। ਜਦੋਂਕਿ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੇ ਵੇਰਵਿਆਂ ਮੁਤਾਬਕ ਇਸ ਡਾਕਟਰ ਨੂੰ ਅਣਪਛਾਤੇ ਨੰਬਰ ਤੋਂ ਚਾਰ ਵਾਰ ਫੋਨ ਕੀਤੇ ਗਏ ਹਨ ਅਤੇ ਇਕ ਕਰੋੜ ਰੁਪਏ ਫਿਰੌਤੀ ਮੰਗੀ ਹੈ। ਉਸ ਨੂੰ ਧਮਕੀ ਦਿੱਤੀ ਗਈ ਹੈ ਕਿ ਜੇ ਫਿਰੌਤੀ ਦੀ ਰਕਮ ਨਾ ਦਿੱਤੀ ਤਾਂ ਉਸ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਉਸ ਦੇ ਪਰਿਵਾਰ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹ ਘਟਨਾ ਤੋਂ ਬਾਅਦ ਡਾਕਟਰ ਤੇ ਉਸ ਦਾ ਪਰਿਵਾਰ ਤਣਾਅ ਅਤੇ ਸਹਿਮ ਵਿਚ ਹਨ। ਇਹ ਫਿਰੌਤੀ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ ’ਤੇ ਉਸ ਦੇ ਕਿਸੇ ਸਾਥੀ ਵੱਲੋਂ ਮੰਗੀ ਗਈ ਹੈ। ਇਸ ਪਰਿਵਾਰ ਨੇ ਪਹਿਲਾਂ ਪੁਲੀਸ ਕੋਲ ਮਾਮਲੇ ਦਾ ਖੁਲਾਸਾ ਕਰਨ ਤੋਂ ਸੰਕੋਚ ਕੀਤਾ ਸੀ ਪਰ ਬਾਅਦ ਵਿਚ ਰਿਸ਼ਤੇਦਾਰਾਂ ਦੇ ਕਹਿਣ ’ਤੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਵਿਚ ਇਕ ਡਾਕਟਰ ਕੋਲੋਂ ਦਸ ਲਖ ਰੁਪਏ ਫਿਰੌਤੀ ਲਈ ਗਈ ਸੀ। ਇਸੇ ਤਰ੍ਹਾਂ ਕੈਨੇਡਾ ਰਹਿੰਦੇ ਪੰਜਾਬੀ ਗਾਇਕ ਦੇ ਪਰਿਵਾਰ, ਜੋ ਕਿ ਇਥੇ ਖਿਲਚੀਆਂ ਵਿਚ ਰਹਿੰਦਾ ਹੈ, ਕੋਲੋਂ ਵੀ ਦਸ ਲੱਖ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ।