ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜੂਨ
ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਨਾਂਦੇੜ ਵਲੋਂ ਮਨੁੱਖਤਾ ਦੀ ਸੇਵਾ ਲਈ ਜਲਦੀ ਹੀ ਇਕ ਵੱਡਾ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਤ ਕਰਨ ਦੀ ਯੋਜਨਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ’ਤੇ ਸੰਗਤ ਵਲੋਂ ਦਾਨ ਵਜੋਂ ਭੇਟ ਕੀਤਾ ਗਿਆ ਸੋਨਾ ਵੀ ਇਸ ਨੇਕ ਕੰਮ ’ਚ ਵਰਤਿਆ ਜਾਵੇਗਾ। ਕਰੋਨਾ ਮਹਾਮਾਰੀ ਦੌਰਾਨ ਸਿੱਖ ਸੰਸਥਾਵਾਂ ਵਲੋਂ ਇਸ ਬਿਮਾਰੀ ਤੋਂ ਮਨੁੱਖਤਾ ਨੂੰ ਬਚਾਉਣ ਲਈ ਇਸ ਦਿਸ਼ਾ ਵਿਚ ਕਈ ਅਹਿਮ ਕੰਮ ਕੀਤੇ ਜਾ ਰਹੇ ਹਨ। ਨਾਂਦੇੜ ਵਿਚ ਇਸ ਸਮੇਂ ਕੋਈ ਵੱਡਾ ਅਤੇ ਮਲਟੀ ਸਪੈਸ਼ਲਿਟੀ ਹਸਪਤਾਲ ਨਹੀਂ ਹੈ ਜਿਸ ਕਾਰਨ ਉਥੋਂ ਦੇ ਲੋਕਾਂ ਨੂੰ ਆਪਣੇ ਇਲਾਜ ਵਾਸਤੇ ਔਰੰਗਾਬਾਦ ਜਾਂ ਮੁੰਬਈ ਜਾਣਾ ਪੈਂਦਾ ਹੈ। ਮਾਰਚ ਵਿਚ ਕਰੋਨਾ ਦੀ ਦੂਜੀ ਲਹਿਰ ਵੇਲੇ ਸਿੱਖ ਬੋਰਡ ਵਲੋਂ ਉਥੇ ਚੱਲ ਰਹੇ ਇਕ ਓਪੀਡੀ ਕੇਂਦਰ ਵਿਚ 35 ਬੈੱਡਾਂ ਦਾ ਹਸਪਤਾਲ ਸਥਾਪਤ ਕੀਤਾ ਗਿਆ ਹੈ, ਜਿਸ ਵਿਚ ਕਰੋਨਾ ਦੇ ਇਲਾਜ, ਡਾਇਲੇਸਿਸ ਅਤੇ ਆਈਸੀਯੂ ਦੀ ਸਹੂਲਤ ਵੀ ਹੈ। ਤਿੰਨ ਡਾਇਲੇਸਿਸ ਮਸ਼ੀਨਾਂ ਵੀ ਵਿਦੇਸ਼ ਤੋਂ ਮੰਗਵਾਈਆਂ ਗਈਆਂ ਹਨ। ਹਸਪਤਾਲ ਆਈਸੀਯੂ, ਵੈਂਟੀਲੇਟਰ ਅਤੇ ਆਕਸੀਜਨ ਕੰਸਟਰੇਟਰਾਂ ਨਾਲ ਲੈਸ ਹੈ।
ਪ੍ਰਬੰਧਕੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਜੋ ਖੁਦ ਉੱਘੇ ਸਨਅਤਕਾਰ ਵੀ ਹਨ, ਨੇ ਦੱਸਿਆ ਕਿ ਹਸਪਤਾਲ ਦੀਆਂ ਸਹੂਲਤਾਂ ਲਈ ਸਾਰਾ ਖ਼ਰਚਾ ਉਨ੍ਹਾਂ ਆਪਣੀ ਜੇਬ ਵਿਚੋਂ ਕੀਤਾ ਹੈ ਪਰ ਹੁਣ ਇਸ ਨੂੰ ਚਲਾਉਣ ਦਾ ਖ਼ਰਚਾ ਗੁਰਦੁਆਰਾ ਬੋਰਡ ਵਲੋਂ ਕੀਤਾ ਜਾਵੇਗਾ। ਇਸ ਦੀ ਰਸਮੀ ਸ਼ੁਰੂਆਤ ਜਲਦੀ ਕੀਤੀ ਜਾ ਰਹੀ ਹੈ। ਹਸਪਤਾਲ ਵਿਚ ਸਾਰਾ ਇਲਾਜ ਮੁਫ਼ਤ ਹੋਵੇਗਾ। ਸ੍ਰੀ ਮਿਨਹਾਸ ਨੇ ਦੱਸਿਆ ਕਿ ਸਿੱਖ ਬੋਰਡ ਵਲੋਂ ਜਲਦੀ ਹੀ ਇਥੇ 120 ਬੈੱਡ ਦਾ ਵੱਡਾ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਤ ਕਰਨ ਦੀ ਵੀ ਯੋਜਨਾ ਹੈ ਜਿਸ ਦਾ ਫੈਸਲਾ 13 ਜੂਨ ਨੂੰ ਸਿੱਖ ਬੋਰਡ ਦੀ ਹੋਣ ਵਾਲੀ ਮੀਟਿੰਗ ਵਿਚ ਹੋ ਜਾਵੇਗਾ। ਇਸ ਵਾਸਤੇ ਗੁਰਦਆਰੇ ਦੀ ਮਲਕੀਅਤ ਵਾਲੀ 3 ਤੋ 4 ਏਕੜ ਜ਼ਮੀਨ ਦੀ ਵਰਤੋਂ ਕੀਤੀ ਜਾਵੇਗੀ। ਇਸ ਦੀ ਉਸਾਰੀ ਅਤੇ ਲੋੜੀਂਦੇ ਸਾਜ਼ੋ-ਸਾਮਾਨ ’ਤੇ ਲਗਭਗ 200 ਕਰੋੜ ਰੁਪਏ ਰੁਪਏ ਖ਼ਰਚ ਦਾ ਅਨੁਮਾਨ ਹੈ। ਹਸਪਤਾਲ ’ਚ ਅਤਿ ਆਧੁਨਿਕ ਅਪਰੇਸ਼ਨ ਥੀਏਟਰ, ਐੱਮਆਰਆਈ ਅਤੇ ਹੋਰ ਸਹੂਲਤਾਂ ਵੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਾਂਦੇੜ ਇਸ ਵੇਲੇ ਮੁੰਬਈ, ਦਿੱਲੀ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਨਾਲ ਹਵਾਈ ਮਾਰਗ ਰਾਹੀਂ ਸਿੱਧਾ ਜੁੜਿਆ ਹੋਇਆ ਹੈ। ਇਨ੍ਹਾਂ ਥਾਵਾਂ ਤੋਂ ਮਾਹਿਰ ਡਾਕਟਰਾਂ ਨੂੰ ਲੋਕਾਂ ਦੇ ਇਲਾਜ ਲਈ ਸੱਦਿਆ ਜਾਵੇਗਾ, ਜੋ ਇਕ-ਦੋ ਦਿਨ ਇਥੇ ਠਹਿਰ ਕੇ ਇਲਾਜ ਕਰਕੇ ਵਾਪਸ ਜਾ ਸਕਣਗੇ। ਉਨ੍ਹਾਂ ਵਾਸਤੇ ਰਿਹਾਇਸ਼ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਜਾਵੇਗਾ। ਇਹ ਯੋਜਨਾ ਡੇਢ-ਦੋ ਸਾਲ ਵਿਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਨਾਂਦੇੜ ਦੇ ਬੱਚਿਆਂ ਵਾਸਤੇ ਇਕ ਵੱਡਾ ਸੀਬੀਐੱਸਈ ਸਕੂਲ ਵੀ ਉਹ ਬਣਾਉਣਾ ਚਾਹੁੰਦੇ ਹਨ। ਉਂਜ ਇਕ ਸਕੂਲ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿਚ ਔਸਤਨ 500 ਰੁਪਏ ਮਾਸਿਕ ਫੀਸ ਹੈ ਅਤੇ ਉਸ ’ਚ 800 ਤੋਂ ਵੱਧ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਦਿੱਲੀ ਕਮੇਟੀ ਨੇ ਵੀ ਸੋਨਾ ਦਾਨ ਕੀਤਾ
ਪਿਛਲੇ ਦਿਨੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਤਬੀਅਤ ਨਾਸਾਜ਼ ਰਹੀ ਅਤੇ ਉਨ੍ਹਾਂ ਨੂੰ ਇਲਾਜ ਵਾਸਤੇ ਨਾਂਦੇੜ ਤੋਂ ਬਾਹਰ ਲੈ ਕੇ ਜਾਣਾ ਪਿਆ ਸੀ। ਸਿਹਤਯਾਬ ਹੋਣ ਮਗਰੋਂ ਜਦੋਂ ਉਹ ਨਾਂਦੇੜ ਪਰਤੇ ਤਾਂ ਗੁਰਤਾ ਗੱਦੀ ਦਿਵਸ ਮੌਕੇ ਸੰਗਤ ਦੀ ਹਾਜ਼ਰੀ ਵਿਚ ਉਨ੍ਹਾਂ ਪ੍ਰਬੰਧਕੀ ਬੋਰਡ ਨੂੰ ਆਖਿਆ ਸੀ ਕਿ ਗੁਰਦੁਆਰਾ ਸਾਹਿਬ ਨੂੰ ਭੇਟ ਕੀਤਾ ਹੋਇਆ ਸੋਨਾ ਮਨੁੱਖਤਾ ਦੀ ਸੇਵਾ ਲਈ ਵਰਤਿਆ ਜਾਵੇ। ਬੋਰਡ ਨੇ ਇਹ ਸੋਨਾ ਬਿਸਕੁਟਾਂ ਦੇ ਰੂਪ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ। ਜਥੇਦਾਰ ਬਾਬਾ ਕੁਲਵੰਤ ਸਿੰਘ ਦੇ ਸੁਝਾਅ ਮੁਤਾਬਕ ਬੋਰਡ ਵੱਲੋਂ ਇਸ ਸੋਨੇ ਨੂੰ ਮਨੁੱਖਤਾ ਦੀ ਸੇਵਾ ਵਾਸਤੇ ਹਸਪਤਾਲ ਖੋਲ੍ਹਣ ਲਈ ਵਰਤਣ ਦੀ ਯੋਜਨਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਾਨ ਵਿਚ ਮਿਲੇ ਸੋਨੇ ਨੂੰ ਮਨੁੱਖਤਾ ਦੀ ਸੇਵਾ ਵਾਸਤੇ ਹਸਪਤਾਲ ਖੋਲ੍ਹਣ ਲਈ ਵਰਤਣ ਦਾ ਫੈਸਲਾ ਕੀਤਾ ਹੈ। ਇਹ ਸੋਨਾ ਕਾਰ ਸੇਵਾ ਸੰਪਰਦਾ ਨੂੰ ਹਸਪਤਾਲ ਖੋਲ੍ਹਣ ਵਾਸਤੇ ਸੌਂਪ ਦਿੱਤਾ ਗਿਆ ਹੈ।