ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਦਸੰਬਰ
ਇੱਥੋਂ ਦੇ ਇਤਿਹਾਸਕ ਰਾਮ ਬਾਗ ਗੇਟ ਨੂੰ ਅੱਜ ਯੂਨੈਸਕੋ ਏਸ਼ੀਆ ਪੈਸੇਫਿਕ ਐਵਾਰਡ ਤਹਿਤ ‘ਐਵਾਰਡ ਆਫ ਐਕਸੀਲੈਂਸ’ ਲਈ ਚੁਣਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਮਬਾਗ ਗੇਟ ਦੀ ਮੁਰੰਮਤ ਅਤੇ ਸੰਭਾਲ ਦਾ ਕੰਮ ਕੁਝ ਸਾਲ ਪਹਿਲਾਂ ਕਰਵਾਇਆ ਗਿਆ ਸੀ। ਇਸ ਨੂੰ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਦੀ ਯੋਜਨਾ ਤਹਿਤ ਨਵਿਆਇਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਬਣਿਆ ਇਹ ਗੇਟ ਲਗਪਗ 200 ਸਾਲ ਪੁਰਾਣਾ ਹੈ। ਮਹਾਰਾਜਾ ਰਣਜੀਤ ਸਿੰਘ ਵੇਲੇ ਸ਼ਹਿਰ ਦੇ ਆਲੇ-ਦੁਆਲੇ ਚਾਰਦੀਵਾਰੀ ਕਰਦਿਆਂ ਵੱਡੀ ਤੇ ਮਜ਼ਬੂਤ ਕੰਧ ਬਣਾਈ ਗਈ ਸੀ ਅਤੇ ਸ਼ਹਿਰ ਵਿੱਚ ਦਾਖਲ ਹੋਣ ਲਈ 12 ਦਰਵਾਜ਼ੇ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ ਰਾਮਬਾਗ ਗੇਟ ਵੀ ਇੱਕ ਸੀ। ਪੁਰਾਤਨ ਸ਼ਹਿਰ ਦੀ ਚਾਰਦੀਵਾਰੀ ਵਾਲੀ ਕੰਧ ਆਪਣੀ ਹੋਂਦ ਗੁਆ ਚੁੱਕੀ ਹੈ ਪਰ ਕਈ ਪੁਰਾਤਨ ਦਰਵਾਜ਼ੇ ਬਰਕਰਾਰ ਹਨ। ਲੋਕਾਂ ਨੇ ਰਾਮਬਾਗ ਗੇਟ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਹਾਲੇ ਤੱਕ ਛੁਡਵਾਇਆ ਨਹੀਂ ਜਾ ਸਕਿਆ ਹੈ।
ਗੁਰਦਾਸਪੁਰ ਦੀ ਵਿਰਾਸਤੀ ਕੋਠੀ ਨੂੰ ਵੀ ਮਿਲਿਆ ਪੁਰਸਕਾਰ
ਗੁਰਦਾਸਪੁਰ (ਕੇ.ਪੀ ਸਿੰਘ): ਇਸ ਜ਼ਿਲ੍ਹੇ ਦੇ ਨਵਾਂ ਪਿੰਡ ਸਰਦਾਰਾਂ ਵਿੱਚ ਸਥਿਤ ਮਸ਼ਹੂਰ ਵਿਰਾਸਤੀ ਕੋਠੀ-ਪਿੱਪਲ ਹਵੇਲੀ ਨੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਲਈ 2023 ਦਾ ਯੂਨੈਸਕੋ ਏਸ਼ੀਆ-ਪੈਸੇਫਿਕ ਪੁਰਸਕਾਰ ਜਿੱਤਿਆ ਹੈ। ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰਾਜ ਮਾਰਗ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਅੱਪਰਬਾਰੀ ਦੁਆਬ ਨਹਿਰ ਕੰਢੇ ਇੱਕ ਸਾਧਾਰਨ ਪਿੰਡ ਵਿੱਚ 125 ਸਾਲ ਪੁਰਾਣੀ ਪਿੱਪਲ ਹਵੇਲੀ ਹੈ। ਇਸ ਦੀ ਮਾਲਕਣ ਗੁਰਮੀਤ ਸੰਘਾ ਰਾਏ ਹਨ ਜੋ ਕਿ ਇਸ ਦੀ ਸੰਭਾਲ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਪਿੰਡ ਨੂੰ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ਸਰਬੋਤਮ ਸੈਰ-ਸਪਾਟਾ ਪੁਰਸਕਾਰ ਮਿਲਿਆ ਸੀ। ਪਿੰਡ ਦੀ ਦੂਸਰੀ ਵਿਰਾਸਤੀ ਕੋਠੀ ਵੀ ਹੈ ਜੋ ਕਿ ਪਿੱਪਲ ਹਵੇਲੀ ਨਾਲ ਲੱਗਦੀ ਹੈ। ਇਨ੍ਹਾਂ ਦੋਵੇਂ ਹਵੇਲੀਆਂ ਦੀ ਉਸਾਰੀ 125 ਸਾਲ ਪਹਿਲਾਂ ਸਰਦਾਰ ਨਰਾਇਣ ਸਿੰਘ ਤੇ ਪਰਿਵਾਰ ਵੱਲੋਂ ਕਰਵਾਈ ਗਈ ਸੀ।