ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਜੂਨ
ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਡੀਜੇ ਸਾਹਿਲ ਕੁਮਾਰ ਨੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਇਸ ਤੋਂ ਬਾਅਦ ਪੁਲੀਸ ਨੇ ਐਫਆਈਆਰ ਵਿੱਚ ਕਤਲ ਦੇ ਦੋਸ਼ ਸ਼ਾਮਲ ਕੀਤੇ ਹਨ ਤੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਹੈ।
ਪੁਲੀਸ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਦੀ ਪਛਾਣ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਮ੍ਰਿਤਕ ਦੇ ਪਿਤਾ ਸੁਨੀਲ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ ਸਾਹਿਲ ਕੁਮਾਰ ਡੀਜੇ ਦਾ ਕੰਮ ਕਰਦਾ ਹੈ। ਉਹ ਆਮ ਤੌਰ ’ਤੇ ਦੇਰ ਰਾਤ ਨੂੰ ਘਰ ਆਉਂਦਾ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1.30 ਵਜੇ ਉਸ ਦੇ ਦੋਸਤ ਨੇ ਫੋਨ ਕਰ ਕੇ ਦੱਸਿਆ ਕਿ ਸਾਹਿਲ, ਕਬੀਰ ਸਿੰਘ, ਸੋਹਣ ਸਿੰਘ, ਅਮਨਪ੍ਰੀਤ ਸਿੰਘ ਅਤੇ ਜੈਕ ਰਾਤ ਦਾ ਖਾਣਾ ਖਾਣ ਲਈ ਰੇਲਵੇ ਸਟੇਸ਼ਨ ਗਏ ਸਨ। ਵਾਪਸ ਆਉਂਦੇ ਸਮੇਂ ਜਦੋਂ ਉਹ ਡੀਆਈਜੀ ਬਾਰਡਰ ਰੇਂਜ ਦੇ ਦਫ਼ਤਰ ਨੇੜੇ ਪਹੁੰਚੇ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਸਾਹਿਲ ਦੇ ਪੇਟ ਵਿੱਚ ਗੋਲੀ ਲੱਗੀ ਅਤੇ ਉਹ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲੈ ਗਏ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲੇ ਤੁਰੰਤ ਹਸਪਤਾਲ ਪੁੱਜੇ। ਸਾਹਿਲ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ ਅਤੇ ਇੱਕ ਛੋਟੀ ਭੈਣ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ, ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।