ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਅਗਸਤ
ਇੱਥੋਂ ਦੇ ਛੇਹਰਟਾ ਥਾਣਾ ਅਧੀਨ ਪੈਂਦੇ ਦਸਮੇਸ਼ ਐਵੇਨਿਊ ਇਲਾਕੇ ਵਿੱਚ ਇੱਕ ਵਿਆਹੁਤਾ ਨੇ ਕਥਿਤ ਤੌਰ ’ਤੇ ਤੇਜਾਬ ਪੀ ਕੇ ਖੁਦਕੁਸ਼ੀ ਕਰ ਲਈ। ਬੀਤੀ ਦੇਰ ਰਾਤ ਉਸ ਦੀ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਸਿਮਰਨਜੀਤ ਕੌਰ ਉਰਫ ਸੀਤਲ (23) ਵਜੋਂ ਹੋਈ ਹੈ। ਪੁਲੀਸ ਵੱਲੋਂ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲੀਸ ਨੇ ਕੁੜੀ ਦੇ ਮਾਪਿਆਂ ਦੇ ਬਿਆਨ ’ਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਕਈ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਛੇਹਰਟਾ ਥਾਣੇ ਦੇ ਐੱਸਐੱਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਦੌਰਾਨ ਮ੍ਰਿਤਕਾ ਦੇ ਪਿਤਾ ਗੁਰਮੁੱਖ ਸਿੰਘ ਵਾਸੀ ਹਰਿਗੋਬਿੰਦ ਐਵੇਨਿਊ ਨੇ ਦੋਸ਼ ਲਾਇਆ ਕਿ ਸਿਮਰਨਜੀਤ ਕੌਰ ਦਾ ਪਤੀ ਗੁਰਪ੍ਰੀਤ ਸਿੰਘ ਤੇ ਸਹੁਰਾ ਪਰਿਵਾਰ ਉਸ ਨੂੰ ਵਧੇਰੇ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਦਾ ਵਿਆਹ ਲਗਪਗ ਦੋ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੋਹਾਂ ਦੀ ਕੋਈ ਔਲਾਦ ਨਹੀਂ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਜਦੋਂ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤਾਂ ਉਹ ਆਪਣੇ ਮਾਪਿਆਂ ਕੋਲ ਆ ਜਾਂਦੀ ਸੀ ਪਰ ਰਿਸ਼ਤੇਦਾਰਾਂ ਦੇ ਦਖਲ ਤੋਂ ਬਾਅਦ ਉਹ ਉਸ ਨੂੰ ਮੁੜ ਉਸ ਦੇ ਪਤੀ ਦੇ ਘਰ ਛੱਡ ਆਉਂਦੇ।
ਐੱਸਐੱਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਗੁਰਮੁਖ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਸੱਸ ਤੋਂ ਇਲਾਵਾ ਉਸ ਦੀ ਨਨਾਣ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ ਜਦੋਂਕਿ ਦੋ ਹੋਰ ਰਿਸ਼ਤੇਦਾਰਾਂ ਕਾਬੂ ਕਰਨਾ ਬਾਕੀ ਹੈ।