ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਈ
ਮਾਨਤਾ ਪ੍ਰਾਪਤ ਸਕੂਲਾਂ ਵੱਚ ਐੱਸਸੀ ਵਿਦਿਆਰਥੀਆਂ ਲਈ 5 ਫੀਸਦ ਕੋਟੇ ਦੀਆਂ ਸੀਟਾਂ ਦੀ ਬਹਾਲੀ ਕਰਾਉਣ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੁੱਜਾ ਹੈ। ਅੱਜ ਆਰਪੀਆਈ (ਅਠਾਵਲੇ) ਦੇ ਆਗੂ ਸਤਨਾਮ ਸਿੰਘ ਗਿੱਲ, ਗੋਪਾਲ ਸਿੰਘ ਉਮਰਾਨੰਗਲ, ਅੰਮਿਰਤਪਾਲ ਸਿੰਘ ਸਠਿਆਲਾ, ਕੁਲਦੀਪ ਸਿੰਘ ਭੁਲੱਰ ਅਤੇ ਮਨਦੀਪ ਸਿੰਘ ’ਤੇ ਅਧਾਰਿਤ 5 ਮੈਂਬਰੀ ‘ਵਫ਼ਦ’ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਆਗੂ ਦੀਪਕ ਕੁਮਾਰ ਹੰਸ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ ਹੈ। ਵਫਦ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਸ੍ਰੀ ਹੰਸ ਨੇ ਵਫਦ ਤੋਂ ਸ਼ਿਕਾਇਤ ਪੱਤਰ ਪ੍ਰਾਪਤ ਕਰਨ ਉਪਰੰਤ ਮਾਨਤਾ ਪ੍ਰਾਪਤ ਸਕੂਲਾਂ ਦੀ ਇਸ ਮਾਮਲੇ ਵਿਚ ‘ਜਾਂਚ’ ਕਰਾਉਣ ਦਾ ਭਰੋਸਾ ਦਿੱਤਾ ਹੈ। ਵਫ਼ਦ ਨੇ ਸ਼ਿਕਾਇਤ ਵਿੱਚ 92 ਸਕੂਲਾਂ ਨੂੰ ਤਫਤੀਸ਼ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਕੋਲ ਵੀ ਪਹੁੰਚ ਕੀਤੀ ਸੀ।
ਰਜਨੀ ਬਾਲਾ ਕੇਸ ’ਚ 19 ਤੱਕ ਕਾਰਵਾਈ ਦੇ ਹੁਕਮ
ਫਗਵਾੜਾ (ਪੱਤਰ ਪ੍ਰੇਰਕ): ਮੁਹੱਲਾ ਸ਼ਿਵਪੁਰੀ ਵਿਖੇ ਇੱਕ ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ ’ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਪੁਲੀਸ ਨੂੰ 19 ਮਈ ਤੱਕ ਸਾਰੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅੱਜ ਫਗਵਾੜਾ ਵਿਖੇ ਕਮਿਸ਼ਨਰ ਦੇ ਮੈਂਬਰ ਰਾਜ ਕੁਮਾਰ ਹੰਸ ਤੇ ਮੈਡਮ ਪੂਨਮ ਕਾਂਗੜ ਪੁੱਜੇ ਸਬੰਧਿਤ ਧਿਰਾਂ ਨੂੰ ਸੁਣਿਆ ਗਿਆ ਤੇ ਕਾਰਵਾਈ ਲਈ ਫਗਵਾੜਾ ਦੇ ਐੱਸ.ਪੀ. ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਐੱਸ.ਪੀ. ਹਰਿੰਦਰਪਾਲ ਸਿੰਘ ਪਰਮਾਰ, ਡੀ.ਐੱਸ.ਪੀ. ਅਸ਼ਰੂਮ ਰਾਮ ਸ਼ਰਮਾ, ਜਿਲ੍ਹਾ ਭਲਾਈ ਅਫ਼ਸਰ ਜਗਦੇਵ ਸਿੰਘ ਵੀ ਸ਼ਾਮਲ ਸਨ।