ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ- 15 ਸਤੰਬਰ
ਸ਼੍ਰੋਮਣੀ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ ਅਰਜਨ ਦੇਵ ਜੀ ਨਾਲ ਮਿਲਾਪ ਦਿਹਾੜੇ ਨੂੰ ਸਮਰਪਿਤ ਸਮਾਗਮ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸਮਾਗਮ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਹੋਣ ਕਰਕੇ ਸੰਗਤਾਂ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਾਣੀ ਮਨੁੱਖ ਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਅਤੇ ਸਮਰਪਣ ਭਾਵ ਦ੍ਰਿੜ੍ਹ ਕਰਵਾਉਂਦੀ ਹੈ। ਉਨ੍ਹਾਂ ਸੰਗਤ ਨੂੰ ਪਾਵਨ ਗੁਰਬਾਣੀ ਦੇ ਉਪਦੇਸ਼ਾਂ ’ਤੇ ਚੱਲਣ ਦੀ ਪ੍ਰੇਰਨਾ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਭੱਟ ਸਾਹਿਬਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁੱਖ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਬਖ਼ਸ਼ਿਸਾਂ ਹਾਸਲ ਕੀਤੀਆਂ। ਉਨ੍ਹਾਂ ਵੱਲੋਂ ਉਚਾਰੀ ਗਈ ਪਾਵਨ ਬਾਣੀ ਨੂੰ ਪੰਜਵੇਂ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰਕੇ ਉਨ੍ਹਾਂ ਨੂੰ ਵੱਡਾ ਮਾਣ ਦਿੱਤਾ। ਐਡਵੋਕੇਟ ਧਾਮੀ ਨੇ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਕਰਦਿਆਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।