ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਸਤੰਬਰ
ਇੱਥੇ ਕਾਰ ਵਿੱਚ ਮਰੇ ਮਿਲੇ ਇੱਕ ਵਿਅਕਤੀ ਦੇ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦਾ ਕਤਲ ਪ੍ਰੇਮ ਸਬੰਧਾਂ ਦੇ ਕਾਰਨ ਕੀਤਾ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦੀ ਸ਼ਨਾਖਤ ਗੁਰਜੀਤ ਸਿੰਘ ਵਜੋਂ ਹੋਈ ਸੀ। ਇਸ ਸਬੰਧ ਵਿੱਚ ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਥਾਣਾ ਕੰਬੋਅ ਵਿੱਚ ਸੀਆਰਪੀਸੀ ਦੀ ਧਾਰਾ 174 ਹੇਠ ਕੇਸ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਹਰਪਾਲ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਥਾਣਾ ਮਕਬੂਲਪੁਰਾ ਵਿੱਚ ਕੇਸ ਦਰਜ ਕੀਤਾ ਹੈ ਜਿਸ ਵਿੱਚ ਕੰਵਲਜੀਤ ਸਿੰਘ ਉਰਫ ਗੋਲਡੀ ਵਾਸੀ ਤੇਜ ਨਗਰ, ਜਯੋਤੀ ਅਤੇ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ 30 ਅਗਸਤ ਨੂੰ ਉਸ ਦਾ ਭਰਾ ਘਰੋਂ ਆਪਣੀ ਕਾਰ ਵਿੱਚ ਗਿਆ ਸੀ ਅਤੇ ਅਗਲੇ ਦਿਨ 31 ਅਗਸਤ ਨੂੰ ਉਹ ਕਾਰ ਵਿੱਚ ਹੀ ਮਰਿਆ ਮਿਲਿਆ ਸੀ। ਬਾਅਦ ਵਿੱਚ ਪੁੱਛਗਿੱਛ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੇ ਜੋਤੀ ਨਾਂ ਦੀ ਇੱਕ ਔਰਤ ਨਾਲ ਸਬੰਧ ਸਨ। ਉਸ ਦਾ ਭਰਾ 30 ਅਗਸਤ ਨੂੰ ਕਾਰ ਵਿੱਚ ਇਸ ਔਰਤ ਨੂੰ ਮਿਲਣ ਵਾਸਤੇ ਉਸ ਦੇ ਫਲੈਟ ਵਿੱਚ ਗਿਆ ਸੀ ਜਿੱਥੇ ਉਸ ਦਾ ਇਸ ਕੁੜੀ ਨਾਲ ਝਗੜਾ ਹੋ ਗਿਆ ਅਤੇ ਉਸ ਨੇ ਗੋਲਡੀ ਤੇ ਹੋਰਨਾਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ। ਥਾਣਾ ਮਕਬੂਲਪੁਰਾ ਦੀ ਪੁਲੀਸ ਨੇ ਕੰਵਲਜੀਤ ਸਿੰਘ ਉਰਫ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।