ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਜੁਲਾਈ
ਥੀਏਟਰ ਫੈਸਟੀਵਲ ਦੇ ਸਤਵੇਂ ਦਿਨ ਡਾ. ਸਵਰਾਜਬੀਰ ਵੱਲੋਂ ਲਿਖੇ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਪੰਜਾਬੀ ਨਾਟਕ ‘ਅਦਾਕਾਰ-ਆਦਿ ਅੰਤ ਕੀ ਸਾਖੀ’ ਦਾ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਮੰਚਨ ਕੀਤਾ ਗਿਆ। ਇਸ ਇੱਕ ਪਾਤਰੀ ਨਾਟਕ ਦਾ ਇਹ ਪਹਿਲਾ ਸ਼ੋਅ ਕੀਤਾ ਗਿਆ ਹੈ। ਇਹ ਨਾਟਕ ਇੱਕ ਅਦਾਕਾਰ ਦੀ ਕਹਾਣੀ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਖੇਡੇ ਨਾਟਕਾਂ ਦੇ ਪਾਤਰਾਂ ਨੂੰ ਕਿਵੇਂ ਜੀਵਿਆ। ਉਨ੍ਹਾਂ ਪਾਤਰਾਂ ਨੇ ਉਸ ਦੇ ਨਿੱਜੀ ਜੀਵਨ ’ਤੇ ਕੀ ਅਸਰ ਪਾਇਆ। ਇੱਕ ਅਦਾਕਾਰ ਦੀ ਰੰਗ-ਮੰਚ ਨਾਲ ਕੀ ਵਚਨਬੱਧਤਾ ਹੈ ਅਤੇ ਕਿਹੜੇ ਨਾਟਕ ਸਮਾਜ ਦੀ ਦਿਸ਼ਾ ਬਦਲਣ ਦੇ ਕੰਮ ਆਉਂਦੇ ਹਨ। ਇੱਕ ਘੰਟਾ ਲੰਮੇ ਨਾਟਕ ਦੇ ਸਾਰੇ ਕਿਰਦਾਰਾਂ ਨੂੰ ਬਿਹਤਰੀਨ ਅਦਾਕਾਰ ਸਾਜਨ ਕੋਹਿਨੂਰ ਨੇ ਬਹੁਤ ਹੀ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜੀਵਿਆ ਹੈ। ਕੁਸ਼ਾਗਰ ਕਾਲੀਆ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਪ੍ਰੋ. ਗੁਰਵਿੰਦਰ ਕੌਰ ਸੂਰੀ ਆਦਿ ਹਾਜ਼ਰ ਸਨ।