ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਸਤੰਬਰ
ਇਥੇ ਗਾਰਡਨ ਕਲੋਨੀ ’ਚ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਇਕ ਘਰ ’ਚ ਦਾਖਲ ਹੋ ਕੇ ਔਰਤਾਂ ਦੀ ਮਾਰਕੁੱਟ ਕੀਤੀ ਤੇ ਡਰਾਇਆ। ਇਹ ਵਿਅਕਤੀ ਘਰ ’ਚ ਲੁੱਟ ਦੀ ਮਨਸ਼ਾ ਨਾਲ ਦਾਖ਼ਲ ਹੋਏ ਸਨ। ਪਰ ਰੌਲਾ ਰੱਪਾ ਪੈਣ ਕਾਰਨ ਇੱਥੇ ਲੋਕਾਂ ਦੇ ਇਕੱਠੇ ਹੋ ਜਾਣ ਮਗਰੋਂ ਇਹ ਅਣਪਛਾਤੇ ਵਿਅਕਤੀ ਭੱਜ ਗਏ। ਲਾਰੈਂਸ ਰੋਡ ਖੇਤਰ ਦੀ ਗਾਰਡਨ ਕਲੋਨੀ ਦੇ ਵਾਸੀ ਰਾਜੀਵ ਗੁਪਤਾ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਕੱਲ੍ਹ ਵਾਪਰੀ ਇਹ ਘਟਨਾ ਵੇਲੇ ਉਹ ਆਪਣੇ ਕੰਮ ਤੇ ਸੀ। ਇਸ ਦੌਰਾਨ ਘਰੋਂ ਫੋਨ ਆਇਆ ਕਿ ਤਿੰਨ ਅਣਪਛਾਤੇ ਵਿਅਕਤੀ ਘਰ ਵਿੱਚ ਦਾਖ਼ਲ ਹੋ ਗਏ ਹਨ ਤੇ ਉਨ੍ਹਾਂ ਦੀ ਮਾਰਕੁੱਟ ਕੀਤੀ ਹੈ । ਉਹ ਤੁਰੰਤ ਘਰ ਪੁੱਜਿਆ ਪਰ ਉਸ ਵੇਲੇ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਘਰ ਦੀਆਂ ਔਰਤਾਂ ਨੇ ਦੱਸਿਆ ਕਿ ਉਹ ਉਸ ਵੇਲੇ ਰਸੋਈ ਵਿਚ ਕੰਮ ਕਰ ਰਹੀਆਂ ਸਨ। ਉਨ੍ਹਾਂ ਨੂੰ ਲੱਗਾ ਕਿ ਘਰ ਦੇ ਪੋਰਚ ’ਚ ਕੋਈ ਹੈ ਪਰ ਉਨ੍ਹਾਂ ਸਮਝਿਆ ਕਿ ਸ਼ਾਇਦ ਉਹ ਡਰਾਈਵਰ ਹੋਵੇਗਾ । ਉਨ੍ਹਾਂ ਦਰਵਾਜ਼ਾ ਖੋਲ੍ਹ ਦਿੱਤਾ ਤਾਂ ਬਾਹਰ ਤਿੰਨ ਅਣਪਛਾਤੇ ਵਿਅਕਤੀ ਖੜ੍ਹੇ ਸਨ। ਜਦੋਂ ਉਸ ਨੇ ਇਨ੍ਹਾਂ ਵਿਅਕਤੀਆਂ ਨੂੰ ਪੁੱਛਿਆ ਕਿ ਉਹ ਘਰ ਵਿਚ ਦਾਖਲ ਕਿਵੇਂ ਹੋਏ ਹਨ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਗਲਾ ਘੁੱਟਣ ਦਾ ਯਤਨ ਕੀਤਾ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਕਿਸੇ ਚੀਜ਼ ਨਾਲ ਉਸ ਦੇ ਸਿਰ ਵਿੱਚ ਸੱਟ ਵੀ ਮਾਰੀ। ਇਸ ਦੌਰਾਨ ਘਰ ’ਚ ਕੰਮ ਕਰਦੀ ਔਰਤ ਪਰਮਿੰਦਰ ਕੌਰ ਆ ਗਈ ਤੇ ਉਸ ਨੇ ਉਸ ਨੂੰ ਬਚਾਉਣ ਲਈ ਰੌਲਾ ਰੱਪਾ ਪਾਇਆ। ਲੋਕਾਂ ਦੇ ਇਕੱਠੇ ਹੋਣ ਮਗਰੋਂ ਲੁਟੇਰੇ ਭੱਜ ਗਏ। ਪੁਲੀਸ ਨੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।