ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਜੁਲਾਈ
ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਗੁਰਦੁਆਰਿਆਂ ਦੀ ਲਗਪਗ 53 ਕਿੱਲੇ ਜ਼ਮੀਨ ਵਿਚ ਝੋਨੇ ਦੀ ਪਨੀਰੀ ਬੀਜੀ ਹੈ ਜੋ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫਤ ਵੰਡੀ ਜਾਵੇਗੀ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਚ 10 ਕਿੱਲੇ, ਲੁਧਿਆਣਾ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਹੇਰਾਂ ਵਿਚ 12 ਕਿੱਲੇ, ਸੰਗਰੂਰ ਵਿੱਚ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ 15 ਕਿੱਲੇ, ਸ੍ਰੀ ਦਰਬਾਰ ਸਾਹਿਬ ਦੇ ਜਲਾਲਾਬਾਦ ਫਾਰਮ ਵਿੱਚ ਅੱਠ ਕਿੱਲੇ, ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਚ ਪੰਜ ਕਿੱਲੇ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੱਤੋਕੇ ਵਿਚ 3 ਕਿੱਲੇ ਜ਼ਮੀਨ ਵਿੱਚ ਝੋਨੇ ਦੀ ਪਿਛੇਤੀ ਕਿਸਮ ਦੀ ਪਨੀਰੀ ਬੀਜੀ ਗਈ ਹੈ। ਇਹ ਪਨੀਰੀ ਝੋਨੇ ਦੀ 1121 ਤੇ 1509 ਕਿਸਮ ਦੀ ਹੈ, ਜੋ ਘੱਟ ਸਮੇਂ ਵਿੱਚ ਪੱਕ ਕੇ ਜਲਦੀ ਤਿਆਰ ਹੋ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ ਪਾਣੀ ਆਉਣ ਕਾਰਨ ਪਨੀਰੀ ਰੁੜ੍ਹ ਗਈ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ’ਤੇ ਸ਼੍ਰੋਮਣੀ ਕਮੇਟੀ ਦੇ ਕੁਝ ਗੁਰਦੁਆਰਿਆਂ ਵਿੱਚ 53 ਕਿੱਲੇ ਜ਼ਮੀਨ ਵਿੱਚ ਪਨੀਰੀ ਬੀਜੀ ਗਈ ਹੈ ਜੋ ਪੀੜਤ ਕਿਸਾਨਾਂ ਨੂੰ ਮੁਫ਼ਤ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲਾਤ ਕੁਝ ਸੁਖਾਵੇਂ ਹੋਣ ਮਗਰੋਂ ਲੋੜਵੰਦ ਕਿਸਾਨਾਂ ਨੂੰ ਪਨੀਰੀ ਵੰਡੀ ਜਾਵੇਗੀ।