ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 3 ਜੁਲਾਈ
ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਐੱਮਐੱਮਐੱਮ ਮਾਲਵੀਆ ਰੋਡ ਵਾਲੇ ਪਾਸੇ ਖਾਲੀ ਪਈ ਜ਼ਮੀਨ ’ਤੇ ਇਤਿਹਾਸਕ ਰਾਮ ਬਾਗ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕੀਤਾ। ਅੰਮ੍ਰਿਤਸਰ ਉੱਤਰੀ ਹਲਕੇ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਸਮਾਗਮ ਵਾਤਾਵਰਨ ਪੱਖੀ ਐੱਨਜੀਓਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ। ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ। ਬੂਟੇ ਲਗਾਉਣ ਦੀ ਮੁਹਿੰਮ ਤੋਂ ਬਾਅਦ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਵਿਧਾਇਕ ਡਾ. ਕੁੰਵਰ ਨੇ ਕੰਪਨੀ ਬਾਗ ਦਾ ਦੌਰਾ ਕੀਤਾ ਅਤੇ ਸਫ਼ਾਈ ਕਾਰਜਾਂ ਦਾ ਨਿਰੀਖਣ ਕੀਤਾ। ਉਨ੍ਹਾਂ ਪਾਰਕ ਵਿੱਚ ਸਵੇਰੇ ਸੈਰ ਕਰਨ ਆਏ ਸ਼ਹਿਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਕੰਪਨੀ ਬਾਗ ਵਿੱਚ ਤਿੰਨ ਠੰਢੇ ਪਾਣੀ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਮੌਕੇ ਨਗਰ ਨਿਗਮ ਦੇ ਐੱਸਈ ਸੰਦੀਪ ਸਿੰਘ, ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਡਾ. ਕਿਰਨ ਕੁਮਾਰ ਅਤੇ ਹਰਿਆਵਲ ਪੰਜਾਬ, ਮਿਸ਼ਨ ਆਗਾਜ਼, ਧੰਨ-ਧੰਨ ਬਾਗ ਦੀਪ ਸਿੰਘ ਸੁਸਾਇਟੀ ਦੇ ਨੁਮਾਇੰਦੇ ਹਾਜ਼ਰ ਸਨ।