ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 15 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਸਰਕਾਰ ਅਤੇ ਯੂਜੀਸੀ ਦੇ ਆਦੇਸ਼ਾਂ ਅਨੁਸਾਰ ਛੇਤੀ ਹੀ ਤਿੰਨ ਪੜਾਵਾਂ ਵਿਚ ਯੂਨੀਵਰਸਿਟੀ ਵਿਭਾਗਾਂ ਅਤੇ ਇਸ ਨਾਲ ਸਬੰਧਤ ਕਾਲਜਾਂ ਵਿਚ ਪੜ੍ਹਾਈ ਸ਼ੁਰੂ ਕਰੇਗੀ। ਇਹ ਫੈਸਲਾ ਅੱਜ ਇਥੇ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਯੂਨੀਵਰਸਿਟੀ ਦੇ ਡੀਨ ਵਿਦਿਅਕ ਮਾਮਲੇ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਨੇ ਦੱਸਿਆ ਕਿ ਭਾਵੇਂ ਸਰਕਾਰ ਨੇ 16 ਨਵੰਬਰ ਤੋਂ ਯੂਨੀਵਰਸਿਟੀ ਅਤੇ ਕਾਲਜ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ ਪਰ ਯੂਨੀਵਰਸਿਟੀ ਵਲੋਂ ਪ੍ਰਬੰਧ ਕਰਨ ਵਿਚ ਤਿੰਨ ਚਾਰ ਦਿਨ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਿੰਡੀਕੇਟ ਵਿਚ ਪ੍ਰਵਾਨਗੀ ਲੈਣ ਮਗਰੋਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।
ਪ੍ਰੋ. ਸੰਧੂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਐਗਰੀਕਲਚਰ, ਬਾਇਟੈਕਨਾਲਜੀ, ਬੋਟੈਨੀਕਲ ਐਂਡ ਇਨਵਾਇਰਮੈਂਟ ਸਾਇੰਸਜ, ਕਮਿਸਟਰੀ, ਸਿਵਲ ਇੰਜਨੀਅਰਿੰਗ, ਕੰਪਿਊਟਰ ਇੰਜਨੀਅਰਿੰਗ ਐਂਡ ਟੈਕਨਾਲਜੀ, ਇਲੈਟ੍ਰੋਨਿਕਸ ਟੈਕਨਾਲਜੀ, ਫੂਡ ਸਾਇੰਸ ਐਂਡ ਟੈਕਨਾਲਜੀ, ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਤੇ ਹਿਊਮਨ ਜੈਨੇਟਿਕਸ ਸਣੇ ਹੋਰ ਵੀ ਕੋਰਸ ਸ਼ਾਮਲ ਹਨ।