ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਅਕਤੂਬਰ
ਕੁਝ ਅਣਪਛਾਤੇ ਕਾਰ ਸਵਾਰਾਂ ਨੇ ਅੱਜ ਸਿਵਲ ਲਾਈਨ ਇਲਾਕੇ ਵਿੱਚ ਮਾਤਾ ਲਾਲ ਦੇਵੀ ਦੇ ਮੰਦਿਰ ਨੇੜੇ ਇਕ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਲੁੱਟ ਲਈਆਂ ਹਨ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 379, 420 ਅਤੇ 34 ਹੇਠ ਕੇਸ ਦਰਜ ਕੀਤਾ ਗਿਆ ਹੈ।ਲੁੱਟ ਦਾ ਸ਼ਿਕਾਰ ਹੋਈ ਸੁਖਦੇਵੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਮੰਦਰ ਵਿਚ ਮੱਥਾ ਟੇਕਣ ਗਈ ਸੀ। ਜਦੋਂ ਉਹ ਮੰਦਰ ਵਿੱਚ ਦਾਖਲ ਹੋ ਰਹੇ ਸਨ ਤਾਂ ਉਨਾਂ ਨੇੜੇ ਇੱਕ ਕਾਰ ਆ ਕੇ ਰੁਕੀ। ਕਾਰ ਵਿਚ ਡਰਾਇਵਰ ਤੋਂ ਇਲਾਵਾ ਪਿਛਲੀ ਸੀਟ ’ਤੇ ਦੋ ਔਰਤਾਂ ਬੈਠੀਆਂ ਹੋਈਆਂ ਸਨ। ਕਾਰ ਵਿੱਚ ਬੈਠੀਆਂ ਔਰਤਾਂ ਨੇ ਆਵਾਜ਼ ਦੇ ਕੇ ਸੁਖਦੇਵੀ ਤੇ ਉਸ ਦੇ ਪਤੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਕਾਰ ਵਿੱਚ ਬਿਠਾ ਲਿਆ। ਕਾਰ ਤੋਂ ਬਾਹਰ ਆਉਂਦਿਆਂ ਹੀ ਕਾਰ ਸਵਾਰ ਚਲੇ ਗਏ। ਪੀੜਤ ਔਰਤ ਨੂੰ ਕੁਝ ਦੇਰ ਬਾਅਦ ਪਤਾ ਲੱਗਾ ਕਿ ਉਸ ਦੀਆਂ ਦੋ ਸੋਨੇ ਦੀਆਂ ਚੂੜੀਆਂ ਗਾਇਬ ਹਨ। ਪੀੜਤਾਂ ਦੇ ਦੱਸਣ ਅਨੁਸਾਰ ਮੁਲਜ਼ਮਾਂ ਨੇ ਉਨ੍ਹਾਂ ਨਾਲ ਕਿਸੇ ਬਾਰੇ ਗੱਲ ਕਰਨ ਲਈ ਕਹਿ ਕੇ ਕਾਰ ਵਿੱਚ ਬਿਠਾ ਲਿਆ ਅਤੇ ਗੱਲਬਾਤ ਦੌਰਾਨ ਹੀ ਇੱਕ ਔਰਤ ਨੇ ਉਲਟੀ ਆਈ ਦਾ ਰੌਲਾ ਪਾ ਕੇ ਕਾਰ ਵਿੱਚੋਂ ਲਾਹ ਦਿੱਤਾ ਅਤੇ ਫਰਾਰ ਹੋ ਗਏ।