ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 5 ਨਵੰਬਰ
ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਅਤੇ ਇਮਾਰਤੀ ਕਾਰਕੁਨ ਕਮੇਟੀ (ਬਿਲਡਰਜ਼) ਵੱਲੋਂ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਕੋਟ ਬਾਬਾ ਦੀਪ ਸਿੰਘ ਸਥਿਤ ਗੁਰਦੁਆਰਾ ਰਾਮਗੜ੍ਹੀਆ ਬਰਸਾਤੀ ਨਾਲਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ। ਸਮਾਗਮ ਵਿੱਚ ਭਾਜਪਾ ਆਗੂ ਅਤੇ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਸੀਨੀਅਰ ਉਪ ਪ੍ਰਧਾਨ ਕੰਵਰਬੀਰ ਸਿੰਘ ਮੰਜ਼ਿਲ ਸ਼ਾਮਲ ਹੋਏ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਬਾਬਾ ਵਿਸ਼ਵਕਰਮਾ ਦਿਵਸ ਮੌਕੇ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਹੁਸ਼ਿਆਰਪੁਰ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਵਿੱਚ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਭੋਗਲ ਦੀ ਦੇਖਰੇਖ ਹੇਠ ਹੋਏ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਸਜਾਏ ਗਏ ਕੀਰਤਨ ਦਰਬਾਰ ’ਚ ਬੀਬੀ ਜਤਿੰਦਰ ਕੌਰ ਸ੍ਰੀ ਆਨੰਦਪੁਰ ਸਾਹਿਬ ਅਤੇ ਭਾਈ ਗੁਰਵਿੰਦਰ ਸਿੰਘ ਸਲਵਾੜਾ ਹਜ਼ੂਰੀ ਰਾਗੀ ਗੁਰਦੁਆਰਾ ਰਾਮਗੜ੍ਹੀਆ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ’ਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰਜਿੰਦਰ ਸਿੰਘ ਰੀਹਲ ਨੇ ਵੀ ਸ਼ਿਰਕਤ ਕੀਤੀ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਇਥੋਂ ਦੇ ਵਿਸ਼ਵਕਰਮਾ ਮੰਦਰ ਵਿੱਚ ਸੰਗਤਾਂ ਵੱਲੋਂ ਵਿਸ਼ਵਕਰਮਾ ਦਿਵਸ ਮਨਾਇਆ। ਇਸ ਮੌਕੇ ਸਵੇਰੇ ਹਵਨ ਯੱਗ ਕੀਤੇ ਗਏ ਤੇ ਸਰਬਤ ਦੇ ਭੱਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ ਗਈ।
ਗੁਰਦਾਸਪੁਰ (ਪੱਤਰ ਪ੍ਰੇਰਕ): ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ ਸਥਾਨਕ ਲੇਬਰ ਚੌਕ ਵਿੱਚ ਕਿਰਤ ਗੁਰੂ ਬਾਬਾ ਵਿਸ਼ਵਕਰਮਾ ਦਾ ਪ੍ਰਕਾਸ਼ ਪੁਰਬ ਹਰਜਿੰਦਰ ਸਿੰਘ, ਕੁਲਜੀਤ ਸਿੰਘ ਹੈਪੀ, ਸਾਧੁੂ ਰਾਮ ਅਤੇ ਸੋਮ ਨਾਥ ਬੈਂਸ ਦੀ ਪ੍ਰਧਾਨਗੀ ਹੇਠ ਸ਼ਰਧਾ ਅਤੇ ਧਾਰਮਿਕ ਰੀਤੀ ਅਨੁਸਾਰ ਮਨਾਇਆ ਗਿਆ। ਪੂਜਾ ਅਰਚਨਾ ਤੋਂ ਬਾਅਦ ਇਕੱਤਰ ਹੋਏ ਕਿਰਤੀਆਂ ਵਿੱਚ ਲੱਡੂ ਵੰਡੇ ਗਏ। ਇਫਟੂ ਆਗੂ ਜੋਗਿੰਦਰ ਪਾਲ ਘੁਰਾਲਾ, ਸੁਖਦੇਵ ਬਹਿਰਾਮਪੁਰ ਅਤੇ ਗੁਰਮੀਤ ਰਾਜ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਨੂੰ ਦੀਵਾਲੀ ‘ਤੇ ਜੋ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ਾਂ ਦਾ ਨਤੀਜਾ ਹੈ। ਉਨ੍ਹਾਂ ਨੇ ਸਮੂਹ ਕਿਰਤੀ ਜਮਾਤ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਪਠਾਨਕੋਟ ਪੱਤਰ ਪ੍ਰੇਰਕ): ਇੱਥੇ ਅੱਜ ਲੇਬਰ ਦਫਤਰ ਲਦਪਾਲਵਾਂ ਵਿੱਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ ਕਿਰਤ ਗੁਰੂ ਬਾਬਾ ਵਿਸ਼ਵਕਰਮਾ ਦਾ ਪ੍ਰਕਾਸ਼ ਦਿਹਾੜਾ ਸੰਸਾਰ ਸਿੰਘ, ਵਿਜੈ ਜਗਤਪੁਰ, ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਪੂਜਾ ਅਰਚਨਾ ਤੋਂ ਬਾਅਦ ਇਕੱਤਰ ਹੋਏ ਕਿਰਤੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।
ਸ਼ਾਹਕੋਟ (ਪੱਤਰ ਪ੍ਰੇਰਕ): ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਤਿੰਨੋਂ ਕਸਬਿਆਂ ਵਿਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਸ ਮੌਕੇ ਸੰਬੋਧਨ ਕੀਤਾ।
ਫਗਵਾੜਾ (ਪੱਤਰ ਪ੍ਰੇਰਕ): ਵਿਸ਼ਵਕਰਮਾ ਉਤਸਵ ਅੱਜ ਇੱਥੇ ਵਿਸ਼ਵਕਰਮਾ ਮੰਦਰ ਵਿੱਚ ਕਰਵਾਇਆ ਗਿਆ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਰਜਿੰਦਰ ਸਿੰਘ ਰੂਪਰਾਏ ਨੇ ਕੀਤੀ ਤੇ ਸੁਆਗਤ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਠੇਕੇਦਾਰ ਭੁਪਿੰਦਰ ਸਿੰਘ ਜੰਡੂ ਭੁੱਲਾਰਾਈ ਨੇ ਨਿਭਾਈ। ਦੋਵਾਂ ਨੇ ਮੰਦਰ ਲਈ 51-51 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਮੰਦਰ ’ਚ ਸਜਾਏ ਗਏ ਦੀਵਾਨ ’ਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ’ਤੇ ਪੁੱਜੇ। ਸੋਮ ਪ੍ਰਕਾਸ਼ ਨੇ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਲਈ20 ਲੱਖ ਰੁਪਏ (ਆਈਸੀਯੂ) ਐਬੂਲੈਂਸ ਵੈਨ ਅਤੇ ਕੋਟਲੀ ਨੇ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।