ਮਨਮੋਹਨ ਸਿੰੰਘ ਢਿੱਲੋਂ
ਅੰਮ੍ਰਿਤਸਰ, 26 ਜੁਲਾਈ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਦਿਆਂ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਪੜ੍ਹਾਈ ਤੋਂ ਵੱਡਾ ਤੇ ਸੱਚਾ ਕੋਈ ਸਰਮਾਇਆ ਨਹੀਂ ਹੈ। ਸਥਾਨਕ ਸੇਂਟ ਫਰਾਂਸਿਸ ਸਕੂਲ, ਅੰਮ੍ਰਿਤਸਰ ਛਾਉਣੀ ਵੱਲੋਂ ਹਾਲ ਹੀ ਵਿੱਚ ਆਏ ਨਤੀਜਿਆਂ ਵਿੱਚ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਬੱਚਿਆਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਹਰਭਜਨ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿੱਚ ਆਦਮੀ ਨੂੰ ਪੈਸੇ ਕਮਾਉਣ ਦੇ ਮੌਕੇ ਤਾਂ ਬਹੁਤ ਮਿਲਦੇ ਹਨ, ਪਰ ਪੜ੍ਹਨ ਦਾ ਮੌਕਾ ਸਹੀ ਅਰਥਾਂ ਵਿੱਚ ਇਕ ਵਾਰ ਹੀ ਮਿਲਦਾ ਹੈ, ਜਿਸ ਨੂੰ ਅਜ਼ਾਈਂ ਨਹੀਂ ਗਵਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੜ੍ਹਾਈ ਇਕ ਅਜਿਹਾ ਖਜ਼ਾਨਾ ਹੈ, ਜਿਸ ਨੂੰ ਕੋਈ ਤੁਹਾਡੇ ਕੋਲੋਂ ਖੋਹ ਨਹੀਂ ਸਕਦਾ ਅਤੇ ਪੜ੍ਹਨ ਲਈ ਬੱਚਿਆਂ ਦੇ ਮਾਪੇ ਵੀ ਪੂਰਾ ਮੌਕਾ ਦਿੰਦੇ ਹਨ। ਫਾਦਰ ਜੌਸ਼ਫ ਮੈਥਿਉ ਤੇ ਪ੍ਰਿੰਸੀਪਲ ਸਿਸਟਰ ਪ੍ਰਿਆ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਬਿਜਲੀ ਵਿਭਾਗ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ
ਅੰਮ੍ਰਿਤਸਰ (ਪੱਤਰ ਪ੍ਰੇਰਕ): ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਵਿਭਾਗ ਨੇ ਇਨ੍ਹਾਂ ਗਰਮੀਆਂ ਵਿੱਚ ਬਿਜਲੀ ਸਪਲਾਈ ਦੇ ਸਾਰੇ ਰਿਕਾਰਡ ਤੋੜ ਕੇ ਨਵੇਂ ਮੀਲ ਪੱਥਰ ਗੱਡੇ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ‘ਉਜਵਲ ਭਾਰਤ ਉਜਵਲ ਭਵਿੱਖ’ ਵਿਸ਼ੇ ਉੱਤੇ ਸਥਾਨਕ ਬੀਬੀਕੇਡੀਏਵੀ ਕਾਲਜ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਦੱਸਿਆ ਕਿ ਇਸ ਵਾਰ 29 ਜੂਨ ਨੂੰ ਵਿਭਾਗ ਨੇ 14208 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਹੈ।