ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਸਤੰਬਰ
ਹਾੜੀ ਦੇ ਸੀਜ਼ਨ ਵਿੱਚ ਡੀਏਪੀ ਖਾਦ ਦੇ ਸੰਕਟ ਨੂੰ ਹੱਲ ਕਰਨ ਅਤੇ ਖਾਦ ਦੀ ਵੰਡ ਤੇ ਸਪਲਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਿਤ ਕਰ ਦਿੱਤਾ ਹੈ। ਇਸ ਕਮੇਟੀ ਵਿੱਚ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ, ਡੀਆਰ ਸਹਿਕਾਰੀ ਸੁਸਾਇਟੀ ਅਤੇ ਡੀਐੱਮ ਮਾਰਕਫੈੱਡ ਨੂੰ ਸ਼ਾਮਿਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਹ ਕਮੇਟੀ ਡੀਏਪੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਤੇ ਸਹਿਕਾਰੀ ਅਦਾਰਿਆਂ ਨਾਲ ਨਿਰੰਤਰ ਸੰਪਰਕ ਰੱਖੇਗੀ ਅਤੇ ਇਸ ਦੀ ਜ਼ਿਲ੍ਹੇ ਵਿੱਚ ਬਰਾਬਰ ਵੰਡ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਜਾਂ ਜਿਹੜੇ ਕਿਸਾਨਾਂ ਨੇ ਸਬਜ਼ੀ ਦੀ ਬਿਜਾਈ ਕਰਨੀ ਹੈ, ਉਨ੍ਹਾਂ ਨੂੰ ਪਹਿਲ ਦੇ ਆਧਾਰ ਉੱਤੇ ਡੀਏਪੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਮ੍ਹਾਂਖੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਲਈ ਸਾਰੇ ਡੀਲਰਾਂ ਅਤੇ ਦੁਕਾਨਾਂ ਦੀ ਜਾਂਚ ਨਿਰੰਤਰ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਹਿਕਾਰੀ ਸੁਸਾਇਟੀਆਂ ਜਿਨ੍ਹਾਂ ਵਿੱਚ ਖਾਦ ਦੀ ਜ਼ਿਆਦਾਤਰ ਸਪਲਾਈ ਆਉਂਦੀ ਹੈ, ਉਨ੍ਹਾਂ ਵਿੱਚ ਵੀ ਮੈਂਬਰਾਂ ਨੂੰ ਬਰਾਬਰ ਵੰਡ ਕੀਤੀ ਜਾਣੀ ਜ਼ਰੂਰੀ ਹੈ, ਇਸ ਲਈ ਉਕਤ ਕਮੇਟੀ ਸਹਿਕਾਰੀ ਸੁਸਾਇਟੀਆਂ ਦੀ ਵੰਡ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸੁਸਾਇਟੀਆਂ ਕੋਲੋਂ ਸਹਿਯੋਗ ਲੈ ਕੇ ਹਰੇਕ ਮੈਂਬਰ ਤੱਕ ਡੀਏਪੀ ਪੁੱਜਦੀ ਕੀਤੀ ਜਾਣੀ ਚਾਹੀਦੀ ਹੈ।