ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਮਈ
ਪੁਲੀਸ ਨੇ ਰਾਤ ਵੇਲੇ ਚੋਰੀਆਂ ਕਰਨ ਵਾਲੇ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ 40 ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ ਦੀਪੂ (20) ,ਆਕਾਸ਼ਦੀਪ ਸਿੰਘ ਉਰਫ ਕਾਸ਼ੀ (23) ਅਤੇ ਸਿਮਰਨ ਸਿੰਘ ਉਰਫ ਸਿੰਮੂ (30) ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 40 ਮੋਬਾਈਲ ਫੋਨ, ਦੋ ਸੋਨੇ ਦੀਆਂ ਮੁੰਦਰੀਆਂ, ਇੱਕ ਵਾਲੀਆਂ ਦਾ ਜੋੜਾ ਅਤੇ ਇੱਕ ਟੋਪਸ ਦਾ ਜੋੜਾ ਬਰਾਮਦ ਕੀਤਾ। ਇਸ ਸਬੰਧੀ ਵਿੱਚ ਥਾਣਾ ਸੁਲਤਾਨਵਿੰਡ ਵਿੱਚ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਏਡੀਸੀਪੀ ਡਾਕਟਰ ਦਰਪਨ ਆਲੂਵਾਲੀਆ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਫੜੇ ਗਏ ਮੁਲਜਮ ਕਾਲਾ ਕੱਛਾ ਗਰੋਹ ਦੀ ਤਰਜ ਤੇ ਚੋਰੀਆਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਲਗਪੱਗ 700 ਮੋਬਾਈਲ ਫੋਨ ਚੋਰੀ ਕੀਤੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਲਖਵਿੰਦਰ ਸਿੰਘ ਵਾਸੀ ਭਾਈ ਮੰਜ ਸਿੰਘ ਰੋਡ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਵਿੱਚ ਉਸ ਨੇ ਦੱਸਿਆ ਸੀ ਕਿ 17 ਅਤੇ 18 ਮਾਰਚ ਦੀ ਦਰਮਿਆਨੀ ਰਾਤ ਨੂੰ ਕੋਈ ਨਾ ਮਾਲੂਮ ਵਿਅਕਤੀ ਉਸ ਦੇ ਘਰ ਅੰਦਰ ਦਾਖਲ ਹੋਇਆ ਅਤੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਿਆ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਤਿੰਨੋ ਵਿਅਕਤੀ ਅਤੇ ਇਹਨਾਂ ਵਿੱਚੋਂ ਇੱਕ ਦੀ ਮੰਗੇਤਰ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਰਲ ਕੇ ਚੋਰੀਆਂ ਕਰਦੇ ਹਨ। ਇਹ ਗਰੋਹ ਪਿਛਲੇ ਲਗਭਗ ਦੋ ਸਾਲਾਂ ਤੋਂ ਚੋਰੀਆਂ ਕਰ ਰਿਹਾ ਸੀ। ਇਹਨਾਂ ਵਿੱਚੋਂ ਆਕਾਸ਼ ਦੀਪ ਅਤੇ ਸਿਮਰਨ ਸਿੰਘ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।