ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਅਕਤੂਬਰ
ਇੱਥੇ ਰਣਜੀਤ ਐਵੇਨਿਊ ਦੇ ਬੀ ਬਲਾਕ ਇਲਾਕੇ ਵਿੱਚ ਅੱਜ ਸ਼ਾਮ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਇੱਕ ਵਿਅਕਤੀ ਕੋਲੋਂ ਕਾਰ ਖੋਹ ਲਈ ਹੈ। ਕਾਰ ਖੋਹਣ ਤੋਂ ਬਾਅਦ ਲੁਟੇਰੇ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ।
ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਨਾਖਤ ਬੋਨੀ ਵਾਸੀ ਡੈਮਗੰਜ ਵਜੋਂ ਹੋਈ ਹੈ ਜੋ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਕੋਲ ਬਤੌਰ ਡਰਾਈਵਰ ਕੰਮ ਕਰਦਾ ਹੈ। ਉਹ ਸ਼ਾਮ ਨੂੰ ਉਸ ਦੇ ਬੱਚਿਆਂ ਨੂੰ ਟਿਊਸ਼ਨ ਲਈ ਛੱਡਣ ਗਿਆ ਸੀ ਅਤੇ ਵਾਪਸੀ ਵੇਲੇ ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਦੇ ਕੱਪੜੇ ਲੈਣ ਵਾਸਤੇ ਰੁਕਿਆ ਸੀ ਕਿ ਤਿੰਨ ਲੁਟੇਰੇ ਆਏ ਅਤੇ ਪਿਸਤੌਲ ਦਿਖਾ ਕੇ ਕਾਰ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਏਡੀਸੀਪੀ ਪ੍ਰਭਜੋਤ ਸਿੰਘ, ਏਸੀਪੀ ਗੁਰਿੰਦਰਪਾਲ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਵੱਲੋਂ ਲੁਟੇਰਿਆਂ ਦੀ ਸ਼ਨਾਖਤ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਲੁਟੇਰੇ ਜਲਦੀ ਗ੍ਰਿਫ਼ਤਾਰ ਕਰ ਲਏ ਜਾਣਗੇ। ਫਿਲਹਾਲ ਇਸ ਮਾਮਲੇ ਵਿੱਚ ਥਾਣਾ ਰਣਜੀਤ ਐਵੀਨਿਊ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲੁੱਟ ਦਾ ਸ਼ਿਕਾਰ ਹੋਏ ਡਰਾਈਵਰ ਬੋਨੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਸ਼ਾਮ ਵੇਲੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਨੇੜੇ ਬੱਚਿਆਂ ਨੂੰ ਟਿਊਸ਼ਨ ਵਾਸਤੇ ਛੱਡਣ ਲਈ ਗਿਆ ਸੀ। ਇਸ ਤੋਂ ਬਾਅਦ ਉਹ ਕੱਪੜੇ ਲੈਣ ਵਾਸਤੇ ਬੀ ਬਲਾਕ ਇਲਾਕੇ ਵਿੱਚ ਗਿਆ। ਉਸ ਨੇ ਉੱਥੇ ਕਾਰ ਖੜ੍ਹੀ ਕਰ ਦਿੱਤੀ ਅਤੇ ਕੱਪੜੇ ਲੈਣ ਦੀ ਉਡੀਕ ਕਰ ਰਿਹਾ ਸੀ ਕਿ ਇਸ ਦੌਰਾਨ ਤਿੰਨ ਵਿਅਕਤੀ ਆਏ ਅਤੇ ਉਸ ਦੀ ਕਾਰ ਵਿੱਚ ਬੈਠ ਗਏ। ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢੀ ਅਤੇ ਉਸ ਵੱਲ ਤਾਣ ਦਿੱਤੀ। ਪਿਸਤੌਲ ਦੇਖ ਕੇ ਉਹ ਡਰ ਗਿਆ ਅਤੇ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਛਲਾਂਗ ਮਾਰ ਦਿੱਤੀ ਜਿਸ ਮਗਰੋਂ ਲੁਟੇਰੇ ਕਾਰ ਲੈ ਕੇ ਭੱਜ ਗਏ। ਉਸ ਨੇ ਪੁਲੀਸ ਨੂੰ ਦੱਸਿਆ ਕਿ ਲੁਟੇਰੇ ਉਸ ਨੂੰ ਕਾਰ ਸਮੇਤ ਲਿਜਾਣਾ ਚਾਹੁੰਦੇ ਸਨ, ਇਸੇ ਲਈ ਉਸ ਨੇ ਕਾਰ ਤੋਂ ਬਾਹਰ ਛਲਾਂਗ ਮਾਰੀ।
ਜਲਦੀ ਹੀ ਲੁਟੇਰੇ ਗ੍ਰਿਫ਼ਤਾਰ ਕਰ ਲਏ ਜਾਣਗੇ: ਏਡੀਸੀਪੀ
ਏਡੀਸੀਪੀ ਨੇ ਆਖਿਆ ਕਿ ਲੁਟੇਰਿਆਂ ਦੀ ਸ਼ਨਾਖਤ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਲੁਟੇਰੇ ਗ੍ਰਿਫ਼ਤਾਰ ਕਰ ਲਏ ਜਾਣਗੇ। ਇਸ ਦੌਰਾਨ ਪੁਲੀਸ ਵੱਲੋਂ ਇਲਾਕੇ ਦੀ ਨਾਕਾਬੰਦੀ ਵੀ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਰਣਜੀਤ ਐਵਨਿਊ ਇਲਾਕੇ ਵਿੱਚੋਂ ਕਈ ਵਾਰ ਕਾਰ ਖੋਹਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।