ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ 11 ਨਵੰਬਰ
ਹਵਾ ਪ੍ਰਦੂਸ਼ਣ ਕਾਰਨ ਅਸਮਾਨ ਵਿੱਚ ਬਣੀ ਧੂੰਏਂ ਦੀ ਪਰਤ ਅਤੇ ਪਿਛਲੇ ਦਿਨਾਂ ਤੋਂ ਪੈ ਰਹੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਕਾਰਨ ਕਾਰਨ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਪਿਛਲੇ ਦਿਨਾਂ ਵਿੱਚ ਫਸਲੀ ਰਹਿੰਦ ਖੂੰਦ ਨੂੰ ਸਾੜਨ ਅਤੇ ਦੀਵਾਲੀ ਮੌਕੇ ਵੱਡੀ ਗਿਣਤੀ ਵਿੱਚ ਚਲਾਏ ਗਏ ਪਟਾਕਿਆਂ ਦੇ ਕਾਰਨ ਹਵਾ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਬਦਤਰ ਬਣੀ ਹੋਈ ਹੈ। ਇਸ ਦੌਰਾਨ ਅੱਜ ਵੀ ਹਵਾ ਪ੍ਰਦੂਸ਼ਣ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਰਹੀ ਤੇ ਅੰਮ੍ਰਿਤਸਰ ਦਾ ਏਕਿਊਆਈ 213 ਦੱਸਿਆ ਗਿਆ ਹੈ। ਇਹ ਪਹਿਲਾਂ ਨਾਲੋਂ ਬੇਸ਼ੱਕ ਕੁਝ ਘਟਿਆ ਹੈ, ਪਰ ਇਸ ਦੇ ਘਟਣ ਦੀ ਰਫਤਾਰ ਬਹੁਤ ਹੀ ਸੁਸਤ ਹੈ। ਦੱਸਣਯੋਗ ਹੈ ਕਿ ਦੀਵਾਲੀ ਤੋਂ ਬਾਅਦ ਅੰਮ੍ਰਿਤਸਰ ਦਾ ਏਕਿਊਆਈ 382 ਪੁੱਜ ਗਿਆ ਸੀ।
ਅੱਜ ਸਵੇਰੇ ਇੱਥੇ ਸੰਘਣੀ ਧੁੰਦ ਵਾਲਾ ਮਾਹੌਲ ਸੀ ਅਤੇ ਸ਼ਾਮ ਨੂੰ ਮੁੜ ਧੁੰਦ ਦਾ ਜ਼ੋਰ ਵਧ ਗਿਆ ਜਿਸਨੇ ਆਮ ਜਨ ਜੀਵਨ ਅਤੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ। ਹਵਾਈ ਅੱਡਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਧੁੰਦ ਕਾਰਨ ਇੱਥੇ ਆਉਣ ਵਾਲੀਆਂ ਕੁਝ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਅਤੇ ਦੇਰ ਨਾਲ ਰਵਾਨਾ ਹੋਈਆਂ ਹਨ। ਇਹ ਸਿਲਸਿਲਾ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਾਰੀ ਹੈ। ਧੁੰਦ ਅਤੇ ਧੁੱਪ ਨਾ ਨਿਕਲਣ ਦੇ ਕਾਰਨ ਤਾਪਮਾਨ ਵੀ ਹੇਠਾਂ ਡਿੱਗਾ ਹੈ ਅਤੇ ਠੰਢ ਵਿੱਚ ਵੀ ਵਾਧਾ ਹੋਇਆ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਇੱਥੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।