ਗੁਰਬਖਸ਼ਪੁਰੀ
ਤਰਨ ਤਾਰਨ, 23 ਮਾਰਚ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਸਮਾਂ ਟੋਲ ਪਲਾਜ਼ਾ ’ਚ ਸਮਾਗਮ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ| ਇਸ ਟੌਲ ਪਲਾਜ਼ਾ ’ਤੇ ਜਥੇਬੰਦੀ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 167ਵੇਂ ਦਿਨ ਵਿੱਚ ਦਾਖਲ ਹੋ ਗਿਆ| ਪਿੰਡ ਨੌਸ਼ਹਿਰਾ ਪਨੂੰਆਂ ਦੇ ਗੁਰਦੁਆਰਾ ਸਾਹਿਬ ਖੜ੍ਹੇ ਦਾ ਖਾਲਸਾ ਤੋਂ ਇਲਾਕੇ ਦੇ ਕਿਸਾਨਾਂ ਦਾ ਜਥਾ ਮਾਰਚ ਕਰਦਾ ਪੁੱਜਾ। ਇਸ ਮੌਕੇ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਦੁਗਲਵਾਲਾ, ਅਮਰਜੀਤ ਸਿੰਘ ਉਸਮਾ ਤੇ ਬਲਦੇਵ ਸਿੰਘ ਪਨੂੰ ਨੇ ਦੇਸ਼ ਦੇ ਆਜ਼ਾਦੀ ਦੇ ਸੰਗਰਾਮ ਵਿੱਚ ਲੋਕਾਂ ਵੱਲੋਂ ਕੀਤੀਆਂ ਕੁਰਬਾਨੀਆਂ ਦੀ ਜਾਣਕਾਰੀ ਦਿੱਤੀ| ਆਗੂਆਂ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰਦੇ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ) ਪਿੰਡ ਹਰਦੋਵਾਲ ਵਿੱਚ ਜਮਹੂਰੀ ਕਿਸਾਨ ਸਭਾ ਅਤੇ ਨੌਜਵਾਨ ਸਭਾ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਦਿੱਤੀ ਗਈ। ਕਿਸਾਨਾਂ ਵੱਲੋਂ ਸ਼ਹੀਦ ਦੀਆਂ ਤਸਵੀਰਾਂ ’ਤੇ ਫੁੱਲਾਂ ਦੇ ਹਾਰਾਂ ਦੀਆਂ ਮਾਲਾਂ ਪਹਿਨਾਈਆਂ ਗਈਆਂ। ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਰਦਾਰ ਭਗਤ ਸਿੰਘ ਦੇ ਦੱਸੇ ਗਏ ਰਾਹ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੇ ਆਜ਼ਮ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਾਂਸੀ ਦੇ ਰੱਸੇ ਨੂੰ ਚੁੰਮਿਆ। ਸਾਨੂੰ ਵੀ ਦ੍ਰਿੜ੍ਹਤਾ ਤੇ ਨਿਸ਼ਚੈ ਨਾਲ ਆਪਣਾ ਅੰਦੋਲਨ ਸ਼ਾਂਤੀ ਪੂਰਵਕ ਤਰੀਕੇ ਨਾਲ ਲੜ ਕੇ ਜਿੱਤ ਪ੍ਰਾਪਤ ਕਰਨੀ ਹੈ।
ਮਾਨਸਰ (ਪੱਤਰ ਪ੍ਰੇਰਕ) ਅੱਜ ਟੌਲ ਪਲਾਜ਼ਾ ਮਾਨਸਰ ‘ਤੇ ਕਿਸਾਨ ਜਥੇਬੰਦੀਆਂ ਤੇ ਟੀਚਰਜ਼ ਵੈਲਫੇਅਰ ਫੌਰਮ ਮੁਕੇਰੀਆਂ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਕਿਸਾਨਾਂ ਤੇ ਨੌਜਵਾਨਾਂ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਹੁਸ਼ਿਆਰਪੁਰ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਨਿਰਦੇਸ਼ਕ ਅਕੁੰਰ ਸ਼ਰਮਾ ਦੀ ਅਗਵਾਈ ਹੇਠ ‘ਜਖ਼ਮ ਜਦੋਂ ਸੁਲਗਦੇ ਨੇ’ ਨਾਟਕ ਦੀ ਸਫਲ ਪੇਸਕਾਰੀ ਕਰਕੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਇਕਜੁੱਟ ਤੇ ਜਾਗਰੂਕ ਹੋਣ ਦਾ ਹੋਕਾ ਦਿੱਤਾ ਤੇ ਨਾਟਕ ਰਾਹੀਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਸਾਰੇ ਕਾਰੋਬਾਰਾਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵੱਲੋਂ ਦੇਸ਼ ਦੀ ਆਜ਼ਾਦੀ ਵਾਸਤੇ ਜਾਨਾਂ ਦਿੱਤੀਆਂ ਗਈਆਂ ਪਰ 1947 ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਏ ਕਾਲੇ ਅੰਗਰੇਜ਼ਾਂ ਨੇ ਕਿਸਾਨ ਤੇ ਹੋਰ ਮਿਹਨਤ ਕਰਨ ਵਾਲੇ ਵਰਗਾਂ ਦੀ ਲੁੱਟ ਹੋਰ ਤੇਜ਼ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਮਾਰੂ ਕਾਨੂੰਨ ਪੂਰੇ ਸਮਾਜ ਲਈ ਖ਼ਤਰਨਾਕ ਹਨ।
ਚੇਤਨਪੁਰਾ (ਪੱਤਰ ਪ੍ਰੇਰਕ) ਸਰਵਿਸਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਦੀ ਸਰਕਲ ਕਮੇਟੀ ਵੱਲੋਂ ਸਬ ਡਵੀਜ਼ਨ ਹਰਸ਼ਾ ਛੀਨਾ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਆਗੂਆਂ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਬਾਰੇ ਦੱਸਿਆ। ਇਸ ਮੌਕੇ ਮੌਜੂਦਾ ਹਾਲਾਤਾਂ ਸਬੰਧੀ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਸ਼ਹੀਦਾਂ ਦੀ ਜੁਝਾਰ ਸੰਗਰਾਮੀ ਵਿਰਾਸਤ ਵਿੱਚ ਅਜਿਹਾ ਬਹੁਤ ਕੁਝ ਮੌਜੂਦ ਹੈ ਜੋ ਭਾਜਪਾ ਦੇ ਫਿਰਕੂ ਰਾਸ਼ਟਰਵਾਦ ਦੇ ਪ੍ਰਾਜੈਕਟ ਨੂੰ ਰੱਦ ਕਰਕੇ ਜੂਝਣ ਲਈ ਲੋਕਾਂ ਨੂੰ ਰਸਤਾ ਦਿਖਾਉਂਦਾ ਹੈ। ਭਾਜਪਾ ਹਕੂਮਤ ਇਸ ਫਾਸ਼ੀ ਹੱਲੇ ਰਾਹੀਂ ਸਾਮਰਾਜੀ ਨੀਤੀਆਂ ਲਾਗੂ ਕਰ ਰਹੀ ਹੈ। ਜਿਸ ਲਈ ਨਵੇਂ ਲੇਬਰ ਤੇ ਖੇਤੀ ਕਾਨੂੰਨ ਲਿਆਂਦੇ ਗਏ ਹਨ, ਸਾਰੇ ਸਰਕਾਰੀ ਅਦਾਰਿਆਂ ਦਾ ਮੁਕੰਮਲ ਨਿੱਜੀਕਰਨ ਕਰਨ ਦੇ ਫੈਸਲੇ ਲਏ ਜਾ ਰਹੇ ਹਨ, ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਸ਼ਾਹਕੋਟ (ਪੱਤਰ ਪ੍ਰੇਰਕ) ਬਲਾਕ ਸ਼ਾਹਕੋਟ ਦੇ ਪਿੰਡ ਰੇੜ੍ਹਵਾਂ ਤੇ ਨਿਰਮਲ ਕੁਟੀਆ ਲੋਹੀਆਂ ਖਾਸ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ। ਸ਼ਹੀਦੀ ਸਮਾਗਮਾਂ ਦੀ ਪ੍ਰਧਾਂਨਗੀ ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜ੍ਹਵਾਂ, ਜਰਨੈਲ ਸਿੰਘ ਰਾਮੇ ਤੇ ਹਰਪ੍ਰੀਤ ਸਿੰਘ ਕੋਟਲੀ ਨੇ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਕਿਸਾਨੀ ਅੰਦੋਲਨ ਲੜਿਆ ਜਾ ਰਿਹਾ ਹੈ।
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿਸਾਨਾਂ ਵੱਲੋਂ ਮੋਟਰਸਾਈਕਲ ਰੈਲੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ’ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹਿਰ ’ਚ ਮੋਟਰਸਾਇਕਲ ਮਾਰਚ ਕੱਢਿਆ, ਜਿਸ ਰਾਹੀਂ ਲੋਕਾਂ ਨੂੰ 26 ਮਾਰਚ ਨੂੰ ਦੇਸ਼ ਬੰਦ ਦੇ ਸੱਦੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ’ਚ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨ ਪਹਿਲਾਂ ਕੰਪਨੀ ਬਾਗ ਵਿੱਚ ਇਕੱਠੇ ਹੋਏ, ਜਿਥੇ ਇਕ ਰੈਲੀ ਕੀਤੀ ਗਈ। ਮਗਰੋਂ ਇਕ ਮੋਟਰਸਾਇਈਲ ਮਾਰਚ ਕੱਢਿਆ ਗਿਆ, ਜੋ ਹਾਲ ਗੇਟ ਤੋਂ ਆਰੰਭ ਕਰਕੇ ਸ਼ਹਿਰ ਦੇ 12 ਪੁਰਾਤਨ ਦਰਵਾਜ਼ਿਆਂ ’ਚੋਂ ਲੰਘਦਾ ਹੋਇਆ ਹਾਲ ਗੇਟ ਆ ਕੇ ਸਮਾਪਤ ਹੋਇਆ। ਮਾਰਚ ਦੌਰਾਨ ਕਿਸਾਨ ਕਾਰਕੁਨਾਂ ਨੇ ਆਮ ਸ਼ਹਿਰੀਆਂ, ਦੁਕਾਨਦਾਰਾਂ, ਕਿਸਾਨਾਂ, ਵਰਕਰਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਹੋਰਨਾਂ ਨੂੰ 26 ਮਾਰਚ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤਿੰਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਯੂਨੀਵਰਸਿਟੀ ਦੇ ਵਿਦਵਾਨ ਪ੍ਰੋ. ਜੇ ਐੱਸ ਸੇਖੋਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਮਾਜ ’ਚ ਸਮਾਨਤਾ ਪੈਦਾ ਕਰਨਾ ਚਾਹੁੰਦਾ ਸੀ। ਉਨ੍ਹਾਂ ਆਖਿਆ ਕਿ ਹੁਣ ਮੋਦੀ ਸਰਕਾਰ ਤੇ ਉਨ੍ਹਾਂ ਦੇ ਸਾਥੀ ਦੇਸ਼ ’ਚ ਫਾਸ਼ੀ ਰਾਜ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ 26 ਮਾਰਚ ਨੂੰ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇ।