ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਮਈ
ਬੀਤੇ ਦਿਨੀਂ ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਖਾ ਵਿਚ ਕੀਤੀ ਗਈ ਬੈਂਕ ਡਕੈਤੀ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਬੈਂਕ ਵਿਚੋਂ ਲੁੱਟੀ ਹੋਈ ਰਕਮ ਵਿਚੋਂ ਦੋ ਲੱਖ 44 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਸਰਪ੍ਰਗਟ ਜੀਤ ਸਿੰਘ ਉਰਫ ਜਾਪਾਨ ਵਾਸੀ ਬਟਾਲਾ ਅਤੇ ਦਲਜੀਤ ਸਿੰਘ ਉਰਫ ਜੀਤਾ ਵਾਸੀ ਅਜਨਾਲਾ ਵਜੋਂ ਹੋਈ ਹੈ।
ਪੁਲੀਸ ਨੇ ਇਨ੍ਹਾਂ ਕੋਲੋਂ ਬੈਂਕ ਵਿਚੋਂ ਲੁੱਟੀ ਹੋਈ ਰਕਮ ਲਗਪਗ 5 ਲੱਖ 72 ਹਜ਼ਾਰ ਰੁਪਏ ਵਿਚੋਂ 2 ਲੱਖ 44 ਹਜ਼ਾਰ 529 ਰੁਪਏ ਬਰਾਮਦ ਕੀਤੇ ਹਨ । ਇਸ ਦੇ ਨਾਲ ਹੀ 315 ਬੋਰ ਦੀ ਇਕ ਰਾਈਫਲ , ਇਸ ਦੀਆਂ ਛੇ ਗੋਲੀਆਂ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤੀ ਹੈ। ਇਹ ਬੈਂਕ ਡਕੈਤੀ ਛੇ ਮਈ ਨੂੰ ਦਿਨ ਦਿਹਾੜੇ ਹੋਈ ਸੀ। 4 ਲੁਟੇਰੇ ਜਿਨ੍ਹਾਂ ਨੇ ਮੂੰਹ ਤੇ ਮਾਸਕ ਬੰਨ੍ਹੇ ਹੋਏ ਸਨ, ਨੇ ਜੀਟੀ ਰੋਡ ਸਥਿੱਤ ਸੈਂਟਰ ਬੈਂਕ ਆਫ ਇੰਡੀਆ ਦੀ ਸ਼ਾਖਾ ਵਿਚ ਦਾਖਲ ਹੋ ਕੇ ਪਿਸਤੌਲ ਦੀ ਨੋਕ ’ਤੇ ਅਮਲੇ ਅਤੇ ਗਾਹਕਾਂ ਨੂੰ ਬੰਦੀ ਬਣਾ ਲਿਆ। ਇਹ ਲੁਟੇਰੇ ਬੈਂਕ ਵਿਚੋਂ 5 ਲੱਖ 72 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਲੈ ਗਏ ਸਨ। ਇਸ ਸਬੰਧ ਵਿਚ ਪੁਲੀਸ ਵਲੋਂ ਥਾਣਾ ਮਕਬੂਲਪੁਰਾ ਵਿਖੇ ਆਈਪੀਸੀ ਦੀ ਧਾਰਾ 392, 397, 34 ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਸੀ। ਅੱਜ ਇਸ ਮਾਮਲੇ ਵਿਚ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਜਾਂਚ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਾਂਚ ਦੌਰਾਨ ਲੁੱਟ ਲਈ ਜ਼ਿੰਮੇਵਾਰ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਦੋ ਵਿਅਕਤੀਆਂ ਕੋਲੋਂ ਲੁੱਟੀ ਹੋਈ ਰਕਮ ਵਿਚੋਂ 2 ਲੱਖ 44 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਹੈ।ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਵਿੱਚ ਸ਼ਾਮਲ ਚਰਨਜੀਤ ਸਿੰਘ ਪੁਲੀਸ ਵਿੱਚੋਂ ਡਿਸਮਿਸ ਕੀਤਾ ਹੋਇਆ ਕਰਮਚਾਰੀ ਹੈ। ਉਸ ਦੇ ਖਿਲਾਫ ਕਈ ਕੇਸ ਦਰਜ ਹਨ। ਇਸੇ ਤਰ੍ਹਾਂ ਜਰਮਨਜੀਤ ਸਿੰਘ ਅਤੇ ਸਰਪ੍ਰਗਟਜੀਤ ਸਿੰਘ ਖਿਲਾਫ਼ ਵੀ ਕਈ ਕੇਸ ਦਰਜ ਹਨ।
ਚੋਰੀ ਦੀ ਕਾਰ ’ਚ ਘੁੰਮਦੇ ਤਿੰਨ ਨੌਜਵਾਨ ਗ੍ਰਿਫ਼ਤਾਰ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋ ਤਿੰਨ ਨੌਜਵਾਨਾ ਨੂੰ ਅਸਲਾ ਅਤੇ ਚੋਰੀ ਦੀ ਗੱਡੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਕਾਬੂ ਕੀਤੇ ਤਿੰਨੋ ਨੌਜਵਾਨ ਕਸਬਾ ਗੋਇੰਦਵਾਲ ਸਾਹਿਬ ਦੇ ਵਸਨੀਕ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਪੁਲੀਸ ਪਾਰਟੀ ਵੱਲੋ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਉਪਰ ਮੋਟਰ ਸਾਇਕਲ ਦਾ ਫਰਜੀ ਨੰਬਰ ਲਾਇਆ ਹੋਇਆ ਨਿਕਲਿਆ। ਜਿਸ ਸੰਬਧੀ ਪੜਤਾਲ ਦੌਰਾਨ ਗੱਡੀ ਚੋਰੀ ਦੀ ਹੋਣ ਦੀ ਪੁਸ਼ਟੀ ਹੋਈ ਹੈ।ਤਿੰਨੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਨੌਜਵਾਨਾਂ ਦੀ ਪਛਾਣ ਕਰਨਬੀਰ ਸਿੰਘ , ਰੁਪਿੰਦਰ ਸਿੰਘ ਅਤੇ ਅਨਕੇਤ ਸਿੰਘ ਤਿੰਨੋ ਵਾਸੀ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ।