ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 5 ਨਵੰਬਰ
ਖਾਲਸਾ ਕਾਲਜ ਫਾਰ ਵਿਮੈਨ ਵਿੱਚ ਹੋਏ ਦੋ ਰੋਜ਼ਾ ‘ਖ਼ਾਲਸਾ ਕਾਲਜਿਜ਼ ਯੂਥ ਫੈਸਟੀਵਲ-2024’ ਦੀ ਓਵਰਆਲ ਟਰਾਫੀ ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਖਾਲਸਾ ਕਾਲਜ ਫਾਰ ਵਿਮੈਨ ਦੀਆਂ ਟੀਮਾਂ ਨੇ ਜਿੱਤ ਲਈ ਹੈ। ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਕੂਲ ਅਤੇ ਕਾਲਜ ਅਜਿਹੇ ਮਹੱਤਵਪੂਰਨ ਸਥਾਨ ਹਨ, ਜਿਹੜੇ ਬੱਚਿਆਂ ’ਚ ਲੁਕੀ ਹੋਈ ਕਾਬਲੀਅਤ ਨੂੰ ਉਜਾਗਰ ਕਰਨ ਲਈ ਕਲਾ ਮੰਚ ਪ੍ਰਦਾਨ ਕਰਕੇ ਖਾਸ ਭੂਮਿਕਾ ਨਿਭਾਉਂਦੇ ਹਨ। ਇਸ ਫੈਸਟੀਵਲ ਦੀ ਸ਼ੁਰੂਆਤ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਰਵਾਈ। ਮੁਕਾਬਲਿਆਂ ’ਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ ਫਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ. ਰੋਡ ਸੈਕਿੰਡ ਰਨਰਅੱਪ ਰਿਹਾ। ਗਵਰਨਿੰਗ ਕੌਂਸਲ ਅਧੀਨ 12 ਕਾਲਜਾਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਫ਼ੈਸਟੀਵਲ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਓਵਰ ਆਲ ਟਰਾਫ਼ੀ ਸਬੰਧੀ ਦੋਵਾਂ ਸੰਸਥਾਵਾਂ ਦੀਆਂ ਟੀਮਾਂ ਦੀ ਕਾਰਗੁਜ਼ਾਰੀ ਬਰਾਬਰ ਹੋਣ ਕਾਰਨ ਜੇਤੂ ਐਲਾਨਿਆ ਗਿਆ। ਸ੍ਰੀ ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਸੰਤੋਖ ਸਿੰਘ ਸੇਠੀ ਅਤੇ ’ਵਰਸਿਟੀ ਦੇ ਅਕਾਦਮਿਕ ਡੀਨ ਤੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ।