ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਫਰਵਰੀ
ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਮੋਬਾਈਲ, ਲੇਡੀ ਪਰਸ ਅਤੇ ਚਾਂਦੀ ਦੇ ਗਹਿਣੇ ਆਦਿ ਬਰਾਮਦ ਕੀਤੇ ਹਨ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਨਾਗਰਾ ਉਰਫ਼ ਲਾਡੀ ਵਾਸੀ ਉੱਚਾ ਸੁਰਾਜ ਗੰਜ ਅਤੇ ਵਿਵੇਕ ਸਭਰਵਾਲ ਉਰਫ਼ ਨੀਲਾ ਵਾਸੀ ਸ਼ਕਤੀ ਨਗਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਔਰਤ ਤੋਂ ਉਸ ਦਾ ਪਰਸ ਖੋਹਿਆ ਸੀ ਜਿਸ ਵਿੱਚ ਆਈ ਫੋਨ 13- ਪਰੋ, ਅਧਾਰ ਕਾਰਡ, ਏਟੀਐੱਮ ਕਾਰਡ, ਚਾਂਦੀ ਦੇ ਗਹਿਣੇ ਤੇ ਕਾਫ਼ੀ ਨਗਦੀ ਆਦਿ ਸੀ। ਡਿਪਟੀ ਕਮਿਸ਼ਨਰ ਪੁਲੀਸ (ਇਨਵੈਸਟੀਗੇਸ਼ਨ) ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ। ਡੀਸੀਪੀ ਰੰਧਾਵਾ ਨੇ ਦੱਸਿਆ ਕਿ ਏਸੀਪੀ ਮਾਡਲ ਟਾਊਨ ਗੁਰਪ੍ਰੀਤ ਸਿੰਘ ਗਿੱਲ ਅਤੇ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਦੌਰਾਨ ਵਰਤੀ ਸਕੂਟਰੀ, ਵੱਖ-ਵੱਖ ਥਾਵਾਂ ਤੋਂ ਖੋਹੇ ਮੋਬਾਈਲ, ਲੇਡੀ ਪਰਸ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਨਾਗਰਾ ਖਿਲਾਫ਼ ਪਹਿਲਾਂ ਵੀ 16 ਅਤੇ ਵਿਵੇਕ ਸਭਰਵਾਲ ਖਿਲਾਫ਼ 10 ਮਾਮਲੇ ਦਰਜ ਹਨ।
ਚੋਰੀ ਦੇ ਕੇਸ ’ਚ ਇੱਕ ਗ੍ਰਿਫ਼ਤਾਰ, 80 ਲੱਖ ਰੁਪਏ ਬਰਾਮਦ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਤਰਨ ਤਾਰਨ ਰੋਡ ਸਥਿਤ ਬਾਵਾ ਫਿਜਿਓਥੈਰੇਪੀ ਸੈਂਟਰ ਵਿਚ ਦਸੰਬਰ ਮਹੀਨੇ ਵਿਚ ਹੋਈ ਚੋਰੀ ਦੇ ਮਾਮਲੇ ਵਿਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਤਰਲੋਕ ਸਿੰਘ ਉਰਫ ਬਾਬਾ ਬੰਧਨੀ ਵਾਸੀ ਪਿੰਡ ਬੰਧਨੀ ਕਲਾਂ ਮੋਗਾ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਚੋਰੀ ਕੀਤੇ 80 ਲੱਖ ਰੁਪਏ ਅਤੇ ਇਕ ਕਾਰ ਬਰਾਮਦ ਕੀਤੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਰਛਪਾਲ ਦੀ ਅਗਵਾਈ ਹੇਠ ਇਸ ਕੇਸ ਨੂੰ ਹੱਲ ਕਰਨ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟੀਮ ਵਿਚ ਏਸੀਪੀ ਗੁਰਵਿੰਦਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਸੁਖਵਿੰਦਰ ਸਿੰਘ ਸ਼ਾਮਲ ਸਨ। ਸ਼ਿਕਾਇਤ ਦੌਰਾਨ ਫਿਜਿਓਥੈਰੇਪੀ ਸੈਂਟਰ ਵਿੱਚ ਕਿਸੇੇ ਨੇ ਇਕ ਕਰੋੜ 60 ਲੱਖ ਰੁਪਏ ਅਤੇ 83 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ।