ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 6 ਨਵੰਬਰ
ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬਰਾਂਚ ਵਿੱਚ 13ਵੀਆਂ ਯੂਨੀਫ਼ਾਈਡ (ਸੰਯੁਕਤ) ਖੇਡਾਂ ਸਵਰਗੀ ਮਧੁਮਿਤਾ ਸਿੰਘ ਪਤਨੀ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਸਵਰਗੀ ਸਕੁਐਡਰਨ ਲੀਡਰ ਮਦਨ ਸਿੰਘ ਕੋਹਲੀ ਅਤੇ ਸਵਰਗੀ ਜਸਵੰਤ ਕੌਰ ਬੱਗਾ ਦੀ ਯਾਦ ਵਿੱਚ ਕਰਵਾਈਆਂ ਗਈਆਂ। ਪਿੰਗਲਵਾੜਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਅਤੇ ਚੰਦਰ ਸ਼ੇਖਰ ਕੋਹਲੀ ਅਮਰੀਕਾ ਦੇ ਸਹਿਯੋਗ ਨਾਲ ਪਿੰਗਲਵਾੜਾ ਸੰਸਥਾ ਦੇ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਅਤੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਸਕੂਲ ਫ਼ਾਰ ਦਿ ਡੈੱਫ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਭਗਤ ਪੂਰਨ ਸਿੰਘ ਸਪੈਸ਼ਲ ਨੀਡਜ਼ ਮਾਨਾਂਵਾਲਾ ਦੇ ਖਿਡਾਰੀਆਂ ਨੇ ਹਿੱਸਾ ਲਿਆ। ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਪੁੱਜੇ ਜੀਐੱਨਡੀਯੂ ਦੇ ਫਿਜ਼ੀਕਲ ਐਜੂਕੇਸ਼ਨ ਦੇ ਸੇਵਾਮੁਕਤ ਪ੍ਰੋਫੈਸਰ ਡਾ. ਸੁਖਦੇਵ ਸਿੰਘ ਨੇ ਅਦਾ ਕੀਤੀ। ਉੱਘੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ, ਮੁਹੰਮਦ ਇਮਰਾਨ, ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਰਣਜੀਤ ਸਿੰਘ ਤੂਤ, ਡਾ. ਜੇ.ਐੱਸ. ਸੰਧੂ ਬਤੌਰ ਗੈਸਟ ਆਫ ਆਨਰ ਪੁੱਜੇ। ਡਾ. ਜਗਦੀਪਕ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ 25-50 ਮੀਟਰ ਰੇਸ, ਵ੍ਹੀਲ ਚੇਅਰ ਰੇਸ, ਲੰਬੀ ਛਾਲ, ਰਿਲੇਅ ਦੌੜ, ਰੱਸਾਕਸ਼ੀ ਆਦਿ ਖੇਡਾਂ ਵਿੱਚ ਤਿੰਨਾਂ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਪਿੰਗਲਵਾੜਾ ਸੰਸਥਾ ਦੇ ਬੱਚਿਆਂ ਨੇ ਯੋਗਾ ਤੇ ਗੱਤਕਾ ਪੇਸ਼ ਕੀਤਾ ਅਤੇ ਗੂੰਗੇ-ਬੋਲੇ ਬੱਚਿਆਂ ਨੇ ਗਿੱਧੇ ਦੀ ਪੇਸ਼ਕਾਰੀ ਦਿੱਤੀ। ਪਿੰਗਲਵਾੜਾ ’ਚ ਰਹਿਣ ਵਾਲੇ ਬੱਚਿਆ ਨੇ ਸੱਭਿਆਚਾਰਕ ਪ੍ਰੋਗਰਾਮ ਅਤੇ ਭੰਗੜੇ ਦਾ ਪ੍ਰਦਰਸ਼ਨ ਕੀਤਾ ਗਿਆ। ਜੇਤੂ ਬੱਚਿਆਂ ਨੂੰ ਮੈਡਲ ਅਤੇ ਵਾਲੰਟੀਅਰਜ਼ ਨੂੰ ਟਰਾਫੀਆਂ ਵੰਡੀਆਂ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੈਂਬਰ ਡਾ. ਜਗਦੀਪਕ ਸਿੰਘ, ਹਰਜੀਤ ਸਿੰਘ ਅਰੋੜਾ, ਪ੍ਰੀਤਇੰਦਰ ਕੌਰ, ਬਿੱਲਾ ਕੋਹਲੀ, ਸ਼ਾਮ ਕੋਹਲੀ, ਨਰਿੰਦਰ ਕੌਰ ਕੋਹਲੀ, ਆਸ਼ਾ ਸੈਣੀ ਆਦਿ ਹਾਜ਼ਰ ਸਨ।